ਲੋਕ ਮੋਰਚੇ ਵੱਲੋਂ ਕ੍ਰਾਂਤੀਕਾਰੀ ਭਗਤ ਸਿੰਘ ਨੂੰ ਇਨਕਲਾਬੀ ਸਿਜਦਾ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਸਤੰਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲੋਕ ਮੋਰਚਾ ਪੰਜਾਬ ਵੱਲੋਂ ਇੱਥੇ ਟੀਚਰਜ਼ ਹੋਮ ਵਿੱਚ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ ’ਚ ਇਨਕਲਾਬੀ ਮਾਰਚ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਦਿਨ ਮਹਿਜ਼ ਭਗਤ ਸਿੰਘ ਦੇ ਬੁੱਤ ਦੇ ਗਲ ਵਿੱਚ ਹਾਰ ਪਾਉਣ ਦਾ ਦਿਨ ਨਹੀਂ, ਸਗੋਂ ਉਸ ਦੀ ਦੇਸ਼ ਭਗਤੀ, ਕੁਰਬਾਨੀ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਅਤੇ ਉਸ ਦੇ ਵਾਰਸ ਬਣਨ ਲਈ ਅਹਿਦ ਕਰਨ ਦਾ ਹੈ। ਮੋਰਚੇ ਦੀ ਸੂਬਾ ਕਮੇਟੀ ਮੈਂਬਰ ਸ਼ੀਰੀਂ ਨੇ ਕਿਹਾ ਕਿ ਅੱਜ ਖੇਤੀ ਖੇਤਰ ਸਮੇਤ ਸਨਅਤ, ਸੇਵਾਵਾਂ ਆਦਿ ਹਰ ਖੇਤਰ ਵਿੱਚ ਸਾਮਰਾਜੀ ਕਦਮ ਲੋਕਾਂ ਦੇ ਰੁਜ਼ਗਾਰ ਅਤੇ ਇਸ ਮੁਲਕ ਦੇ ਸੋਮਿਆਂ ਦੀ ਤਬਾਹੀ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਭਾਰਤੀ ਹਕੂਮਤ ਨੰਗੇ ਚਿੱਟੇ ਰੂਪ ਵਿੱਚ ਲੋਕਾਂ ਦੀ ਤਬਾਹੀ ਲਈ ਕਦਮ ਚੁੱਕ ਕੇ, ਸਾਮਰਾਜੀ ਕੰਪਨੀਆਂ ਦੇ ਮੁਨਾਫ਼ੇ ਸੁਰੱਖਿਅਤ ਕਰ ਰਹੀ ਹੈ। ਇਸ ਮੌਕੇ ਰਣਬੀਰ ਸਿੰਘ, ਨੂਰਦੀਪ, ਸੁਮੇਲ, ਹਰਬੰਸ ਅਕਲੀਆ ਅਤੇ ਨਿਰਮਲ ਸਿਵੀਆਂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।