ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਸਤੰਬਰ
ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪਿੰਡ ਰੁੜਕੀ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਕਰਵਾਇਆ। ਮੇਲੇ ਦੌਰਾਨ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਆਗੂ ਤੇ ਸਾਬਕਾ ਵਿਧਾਇਕ ਤਰਸੇਮ ਜੋਧਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਸੁਫ਼ਨਿਆਂ ਦਾ ਪੰਜਾਬ ਬਣਾਉਣ ਲਈ ਵਿਸ਼ਾਲ ਜਨਤਕ ਲਹਿਰ ਖੜ੍ਹੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਭਾਰਤ ਸਰਕਾਰ ਵੱਲੋਂ ਵੀ ਕਾਰਪੋਰੇਟ ਪੱਖੀ ਨੀਤੀਆਂ ਲਿਆਉਣ ਕਾਰਨ ਦੇਸ਼ ਗੰਭੀਰ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸਮੱਸਿਆਵਾਂ ਵਿਚ ਉਲਝਦਾ ਜਾ ਰਿਹਾ ਹੈ। ਪੰਜਾਬ ’ਤੇ ਇਸ ਦੀ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੰਦ ਖਲਾਸੀ ਲਈ ਸੰਘਰਸ਼ ਦੇ ਰਾਹ ਪੈਣ। ਮਨਰੇਗਾ ਅਧਿਕਾਰ ਅੰਦੋਲਨ ਪੰਜਾਬ ਦੇ ਆਗੂ ਚਰਨਜੀਤ ਸਿੰਘ ਹਿਮਾਯੂੰਪੁਰਾ ਤੇ ਅਮਰਜੀਤ ਸਿੰਘ ਹਿਮਾਯੂੰਪੁਰਾ ਨੇ ਕਿਹਾ ਕਿ ਮਨਰੇਗਾ ਨੂੰ ਖੇਤੀ ਵਿਚ ਲਾਗੂ ਕਰਨ ਲਈ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਇਸ ਮੌਕੇ ਸਤਪਾਲ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸੰਗਰੂਰ, ਹਰਜਿੰਦਰ ਸਿੰਘ ਬਨਭੌਰਾ, ਮਿੰਟੂ ਕੁਮਾਰ ਲੁਧਿਆਣਾ, ਅਮਰਜੀਤ ਸਿੰਘ ਨੰਗਲ, ਭਾਗ ਸਿੰਘ ਪੰਚ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।
ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ
ਧੂਰੀ (ਪਵਨ ਕੁਮਾਰ ਵਰਮਾ): ਪਰਿਵਰਤਨ ਮਾਲਵਾ ਫਰੈਂਡਜ਼ ਵੈੱਲਫੇਅਰ ਸੁਸਾਇਟੀ ਧੂਰੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 117ਵੇਂ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਿਜੇ ਗੋਇਲ (ਰਾਈਸਿਲਾ ਗਰੁੱਪ) ਅਤੇ ਮੱਖਣ ਲਾਲ ਗਰਗ (ਸਮਾਜ ਸੇਵੀ) ਨੇ ਕੀਤਾ। ਇਸ ਮੌਕੇ ਸਿਵਲ ਸਰਜਨ ਕਿਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪ ਵਿੱਚ 250 ਤੋਂ ਜ਼ਿਆਦਾ ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਵਿੱਚ ਸਰਕਾਰੀ ਹਸਪਤਾਲ ਸੰਗਰੂਰ ਬਲੱਡ ਬੈਂਕ ਦੀ ਟੀਮ ਅਤੇ ਮਿੱਤਲ ਬਲੱਡ ਬੈਂਕ ਸੰਗਰੂਰ ਦੀ ਟੀਮ ਵੱਲੋਂ ਖੂਨ ਇਕੱਠਾ ਕੀਤਾ ਗਿਆ। ਇਸ ਮੌਕੇ ਵਿਜੇ ਗੋਇਲ ਨੇ ਲੋਕਾਂ ਨੂੰ ਖੂਨਦਾਨ ਕਰ ਲਈ ਪ੍ਰੇਰਿਆ। ਇਸ ਮੌਕੇ ਸੰਸਥਾ ਪ੍ਰਧਾਨ ਗੁਰਦਰਸ਼ਨ ਸਿੰਘ ਡਿੰਪੀ, ਲਾਈਫ ਗਾਰਡ ਨਾਰਸਿੰਗ ਇੰਸਟੀਟਿਊਟ, ਦੇਸ਼ ਭਗਤ ਕਾਲਜ ਬਰੜਵਾਲ, ਗੋਲਡਨ ਬੈਲਜ ਸਕੂਲ ਧੂਰੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਵਾਰਾ ਦੇ ਵਾਲੰਟੀਅਰਾਂ ਦਾ ਸਨਮਾਨ ਕੀਤਾ ਗਿਆ।