ਇਨਕਲਾਬੀ ਕੇਂਦਰ ਪੰਜਾਬ ਵੱਲੋਂ ਚੰਡੀਗੜ੍ਹ ’ਚ ਕਿਸਾਨਾਂ ਨੂੰ ਰੋਕਣ ਦੀ ਨਿਖੇਧੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਕਤੂਬਰ
ਇਨਕਲਾਬੀ ਕੇਂਦਰ ਪੰਜਾਬ ਨੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸਾਂਝੇ ਸੱਦੇ ਤੇ ਝੋਨੇ ਦੀ ਖਰੀਦ ਬਾਰੇ ਕਿਸਾਨ ਭਵਨ ਜਾ ਰਹੇ ਮਾਰਚ ਨੂੰ ਥਾਂ ਥਾਂ ਰੋਕਾਂ ਲਾ ਕੇ ਰੋਕਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਇੱਥੇ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਹੈ ਕਿ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਆਪਣੇ ਬਰਨਾਲੇ ਵਾਲੇ ਸਾਥੀਆਂ ਕੁਲਵੰਤ ਭਦੌੜ, ਜਗਰਾਜ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ ਤੇ ਭੋਲਾ ਸਿੰਘ ਛੰਨਾਂ ਨਾਲ ਜਦੋਂ ਚੰਡੀਗੜ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਪਟਿਆਲਾ ਜ਼ੀਰਕਪੁਰ ਰੋਡ ’ਤੇ ਛੱਤਬੀੜ ਚੌਕ ਵਿੱਚ ਰੋਕ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੱਖ ਵੱਖ ਹਿੱਸਿਆਂ ’ਚੋਂ ਕਿਸਾਨ ਕਾਫ਼ਲੇ ਜਿਉਂ ਹੀ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਪੁੱਜੇ ਤਾਂ ਪੰਜਾਬ ਪੁਲੀਸ ਨੇ ਡਾਂਗਾ ਸੋਟੀਆਂ ਨਾਲ ਉਨ੍ਹਾਂ ਨੂੰ ਰੋਕਿਆ। ਇਸੇ ਤਰ੍ਹਾਂ ਭਾਕਿਯੂਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ,ਅੰਗਰੇਜ਼ ਸਿੰਘ ਭਦੌੜ, ਬੀਕੇਯੂ ਤੋਤੇਵਾਲ ਦੇ ਪ੍ਰਧਾਨ ਸੁਖ ਗਿੱਲ ਮੋਗਾ ਅਤੇ ਭਾਕਿਯੂ ਏਕਤਾ ਡਕੌਂਦਾ ਦੇ ਮੁਹਾਲੀ ਦੇ ਆਗੂ ਪ੍ਰਦੀਪ ਮੁਸਾਹਿਬ ਨੂੰ ਬੁੜੈਲ ਜੇਲ੍ਹ ਕੋਲ ਰੋਕ ਲਿਆ ਗਿਆ।