For the best experience, open
https://m.punjabitribuneonline.com
on your mobile browser.
Advertisement

ਇਨਕਲਾਬ ਦੀ ਖੇਤੀ

09:16 AM Jan 05, 2025 IST
ਇਨਕਲਾਬ ਦੀ ਖੇਤੀ
Advertisement

Advertisement

ਡਾ. ਚਮਨ ਲਾਲ

Advertisement

ਕੀ ਇਨਕਲਾਬ ਦੀ ਵੀ ਖੇਤੀ ਹੋ ਸਕਦੀ ਹੈ? ਸ਼ਾਇਦ ਹਾਂ, ਸ਼ਾਇਦ ਨਹੀਂ? ਪਰ ਕਲਾਕਾਰ ਦੀ ਕਲਪਨਾ ਵਿੱਚ ਤਾਂ ਜ਼ਰੂਰ ਹੋ ਸਕਦੀ ਹੈ! ਪੰਜਾਬ ਵਿੱਚ 2020-21 ਦੌਰਾਨ ਚੱਲੇ ਕਿਸਾਨੀ ਘੋਲ ਨੇ ਸੈਂਕੜੇ ਕਵਿਤਾਵਾਂ, ਕਹਾਣੀਆਂ ਤੇ ਕੁਝ ਨਾਵਲਾਂ ਨੂੰ ਜਨਮ ਦਿੱਤਾ, ਪਰ ਸੋਸ਼ਲ ਮੀਡੀਆ ਅਤੇ ਕੈਮਰੇ ਦੇ ਯੁੱਗ ਵਿੱਚ ਹਜ਼ਾਰਾਂ, ਬਲਕਿ ਲੱਖਾਂ ਫੋਟੋਆਂ ਵੀ ਖਿੱਚੀਆਂ ਗਈਆਂ। ਦੁਨੀਆ ਦੇ ਇਤਿਹਾਸ ਵਿੱਚ ਨਿਵੇਕਲੇ ਤੌਰ ’ਤੇ ਦਰਜ ਇਸ ਲੰਮੇ ਕਿਸਾਨੀ ਘੋਲ ਦਾ ਦਸਤਾਵੇਜ਼ੀਕਰਨ, ਫੋਟੋਆਂ ਖਿੱਚਣ ਤੋਂ ਅਗਲਾ ਜ਼ਰੂਰੀ ਕੰਮ ਹੈ। ਇਹ ਦਸਤਾਵੇਜ਼ ਛਾਪੇ ਰੂਪ ਵਿੱਚ ਵੀ ਹੁੰਦੇ ਹਨ ਅਤੇ ਸਕਰੀਨ ’ਤੇ ਦਰਜ ਜਿਊਂਦੇ ਜਾਗਦੇ ਦ੍ਰਿਸ਼ਾਂ ਦੇ ਰੂਪ ਵਿੱਚ ਵੀ, ਜੋ ਸ਼ਾਇਦ ਕਿਤਾਬਾਂ, ਰਸਾਲਿਆਂ ਅਤੇ ਅਖ਼ਬਾਰਾਂ ਤੋਂ ਕਿਤੇ ਵੱਧ ਅਸਰਅੰਦਾਜ਼ ਹੁੰਦੇ ਹਨ, ਖ਼ਾਸਕਰ ਘੋਲ ਦੇ ਖ਼ਤਮ ਹੋਣ ਤੋਂ ਬਾਅਦ ਇੱਕ ਵਿਲੱਖਣ ਇਤਿਹਾਸ ਰੂਪ ਵਿੱਚ ਜ਼ਿੰਦਾ ਰਹਿਣ ਲਈ। ਘੋਲ ਦੌਰਾਨ ਦੋ ਤਰ੍ਹਾਂ ਦੇ ਮੀਡੀਆ ਸਾਹਮਣੇ ਆਏ; ਇੱਕ ਜਿਸ ਨੂੰ ਗੋਦੀ ਮੀਡੀਆ ਦਾ ਲਕਬ ਦੇ ਦਿੱਤਾ ਗਿਆ ਹੈ ਅਤੇ ਇਸ ਲਕਬ ਨੇ ਸਮਾਜ ਵਿੱਚ ਮਕਬੂਲੀਅਤ ਵੀ ਹਾਸਿਲ ਕਰ ਲਈ ਹੈ ਕਿਉਂਕਿ ਇੰਨਾ ਵੱਡਾ ਇਤਿਹਾਸਕ ਘੋਲ ਦੁਨੀਆ ਦੇ ਮੀਡੀਆ ਵਿੱਚ ਕਾਫ਼ੀ ਸਹੀ ਤੌਰ ’ਤੇ ਦਰਜ ਹੋਇਆ, ਪਰ ਗੋਦੀ ਜਾਂ ਸਰਕਾਰ ਦੀ ਗੋਦੀ ਵਿੱਚ ਬੈਠੇ ਮੀਡੀਆ, ਖ਼ਾਸਕਰ ਹਿੰਦੋਸਤਾਨ ਦੇ ਬਿਜਲਈ ਗੋਦੀ ਮੀਡੀਆ ਨੇ ਇਸ ਦਾ ਅਕਸ ਵਿਗਾੜਨ ਵਿੱਚ ਕੋਈ ਕਸਰ ਨਹੀਂ ਛੱਡੀ। ਗੋਦੀ ਮੀਡੀਆ ਨੇ ਕਦੇ ਇਸ ਨੂੰ ਖ਼ਾਲਿਸਤਾਨੀ ਕਹਿ ਕੇ ਤੇ ਕਦੇ ਨਕਸਲੀ ਕਹਿ ਕੇ ਭੰਡਿਆ। 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਨੇ ਕਿਸਾਨੀ ਘੋਲ ਦਾ ਅਕਸ ਤਾਂ ਨਹੀਂ ਵਿਗਾੜਿਆ, ਪਰ ਰਵੀਸ਼ ਕੁਮਾਰ ਜਾਂ ਰਾਜਦੀਪ ਸਰਦੇਸਾਈ ਜਿਹੇ ਕੁਝ ਪੱਤਰਕਾਰਾਂ ਨੂੰ ਛੱਡ ਕੇ ਗੋਦੀ ਬਿਜਲਈ ਮੀਡੀਆ ਦੇ ਹੋਰ ਐਂਕਰਾਂ ਦਾ ਪੂਰਾ ਜਲੂਸ ਕੱਢ ਦਿੱਤਾ।
ਨਿਸ਼ਠਾ ਜੈਨ ਸਮਾਜੀ ਹਕੀਕਤਾਂ ਨਾਲ ਪ੍ਰਤੀਬੱਧ ਫਿਲਮਸਾਜ਼ ਹੈ। ਉਸ ਨੂੰ ਸ਼ੁਰੂ ਤੋਂ ਹੀ ਇਸ ਘੋਲ ਨੇ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਦੀ ਪ੍ਰੇਰਣਾ ਦਿੱਤੀ। ਉਹ ਫਿਲਮੀ ਦੁਨੀਆ ਵਿੱਚ ਆਪਣੀ ਵਿਚਾਰਕ ਆਜ਼ਾਦੀ ਲਈ ਜਾਣੀ ਜਾਂਦੀ ਹੈ। ਉਸ ਦੇ ਫੇਸਬੁੱਕ ਸਫ਼ੇ ਤੋਂ ਉਸ ਦੀ ਵਿਚਾਰਕ ਪਰਪੱਕਤਾ ਅਤੇ ਸਾਫ਼ ਬਿਆਨੀ ਦੀਆਂ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ। ਸ਼ਹੀਦ ਊਧਮ ਸਿੰਘ ’ਤੇ ਬਣੀ ‘ਸਰਦਾਰ’ ਫਿਲਮ ਦੀ ਰੱਜ ਕੇ ਤਾਰੀਫ਼ ਹੋ ਰਹੀ ਸੀ ਤਾਂ ਉਦੋਂ ਉਸ ਨੇ ਇਸ ਦੀਆਂ ਇਤਿਹਾਸਕ ਅਤੇ ਕਲਾਤਮਿਕ ਊਣਤਾਈਆਂ ਬਾਰੇ ਖੁੱਲ੍ਹ ਕੇ ਲਿਖਿਆ। ਕਿਸਾਨੀ ਘੋਲ ਬਾਰੇ ਉਹ ਰਣਦੀਪ ਮੱਦੋਕੇ, ਮਨਦੀਪ ਪੂਨੀਆ ਵਰਗੇ ਉਨ੍ਹਾਂ ਸੁਹਿਰਦ ਸਿਰਜਣਾਤਮਕ ਨੌਜਵਾਨਾਂ ਨਾਲ ਜੁੜੀ, ਜੋ ਖ਼ਤਰੇ ਉਠਾ ਕੇ ਵੀ ਕਿਸਾਨੀ ਘੋਲ ਦੀ ਹਮਾਇਤ ਕਰਦੇ ਅਤੇ ਉਸ ਨੂੰ ਯੂ-ਟਿਊਬ ਆਦਿ ਰਾਹੀਂ ਲੋਕਾਂ ਤੱਕ ਪਹੁੰਚਾ ਰਹੇ ਸਨ। ਆਰਥਿਕ ਸਰੋਤਾਂ ਦੀ ਘਾਟ ਦੇ ਬਾਵਜੂਦ ਨਿਸ਼ਠਾ ਜੈਨ ਨੇ ਇਸ ਘੋਲ ’ਤੇ ਤਕਰੀਬਨ ਦੋ ਘੰਟੇ ਦੀ ਦਸਤਾਵੇਜ਼ੀ ਫਿਲਮ ਬਣਾ ਕੇ ਸਮਾਜ ਤੇ ਖ਼ਾਸਕਰ ਪੰਜਾਬ ਦੇ ਕਿਸਾਨੀ ਘੋਲ ਵਿੱਚ ਪਾਏ ਹਿੱਸੇ ਦੀ ਜਿਊਂਦੀ ਜਾਗਦੀ ਤਸਵੀਰ ਖਿੱਚ ਦਿੱਤੀ ਹੈ। ਪੂਰੀ ਫਿਲਮ ਪੰਜਾਬੀ ਵਿੱਚ ਹੀ ਹੈ ਅਤੇ ਪੰਜਾਬੋਂ ਬਾਹਰਲੇ ਦਰਸ਼ਕਾਂ ਲਈ ਸਕਰੀਨ ਦੇ ਦ੍ਰਿਸ਼ ਅਤੇ ਅੰਗਰੇਜ਼ੀ ਸਬ-ਟਾਈਟਲ ਹੀ ਫਿਲਮ ਨੂੰ ਸਮਝਣ ਦਾ ਵਸੀਲਾ ਹਨ।


ਫਿਲਮ ਦੀ ਸ਼ੁਰੂਆਤ ਪਿੱਠਭੂਮੀ ਵਿੱਚ ਗੁਰਬਾਣੀ ਦੇ ਪਾਠ ਅਤੇ ਕਿਸਾਨ ਆਗੂ ਦੀ ਤਕਰੀਰ ਨਾਲ ਹੁੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਮੁੱਖ ਕਿਸਾਨ ਆਗੂਆਂ ਵਿੱਚ ਖੱਬੇ ਪੱਖੀ ਅਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਮੰਨਣ ਵਾਲੇ ਸਨ ਅਤੇ ਹਨ। ਫਿਲਮ ਦੇ ਇੱਕ ਦ੍ਰਿਸ਼ ਵਿੱਚ ਇੱਕ ਕਿਸਾਨ ਕਾਰਕੁਨ ਦੇ ਹੱਥ ਵਿੱਚ ਭਗਤ ਸਿੰਘ ਦੀ ਲਿਖਤ ‘ਮੈਂ ਨਾਸਤਿਕ ਕਿਉਂ ਹਾਂ’ ਉਘਾੜੀ ਗਈ ਹੈ। ਇਸ ਤੋਂ ਇਹ ਗੱਲ ਵੀ ਸਮਝ ਆਉਂਦੀ ਹੈ ਕਿ ਆਮ ਕਿਸਾਨੀ ਲਈ ਗੁਰਬਾਣੀ ਆਪਣੇ ਘੋਲ ਲਈ ਵੱਡਾ ਪ੍ਰੇਰਣਾ ਸਰੋਤ ਸੀ, ਜਿਸਨੂੰ ਫਿਲਮ ਵਿੱਚ ਕਈ ਜਗ੍ਹਾ ਉਘਾੜਿਆ ਗਿਆ ਹੈ। ਜਿਵੇਂ ਜਦ 26 ਜਨਵਰੀ 2021 ਨੂੰ ਲਾਲ ਕਿਲੇ ’ਤੇ ਖਾਲਸਾਈ ਝੰਡਾ ਝੁਲਾਉਣ ਪਿੱਛੋਂ ਸਟੇਟ ਦੇ ਤਸ਼ੱਦਦ ਕਰਕੇ ਘੋਲ ਵਿੱਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ ਅਤੇ ਲੱਗਦਾ ਸੀ ਕਿ ਸ਼ਾਇਦ ਹੁਣ ਅੱਗੇ ਘੋਲ ਜਾਰੀ ਰੱਖਣਾ ਮੁਮਕਿਨ ਨਾ ਹੋਵੇ। ਉਸ ਵੇਲੇ ਦੋ ਚੀਜ਼ਾਂ ਨੇ ਕਿਸਾਨਾਂ ਦੇ ਹੌਸਲੇ ਟੁੱਟਣ ਨਹੀਂ ਦਿੱਤੇ। ਇੱਕ, ਉੱਤਰ ਪ੍ਰਦੇਸ਼ ਵਾਲੇ ਪਾਸੇ ਗਾਜ਼ੀਪੁਰ ਬਾਰਡਰ ’ਤੇ ਰਾਕੇਸ਼ ਟਿਕੈਤ ਦਾ ਜਜ਼ਬਾਤੀ ਹੋ ਕੇ ਰੋਣ ਦਾ ਦ੍ਰਿਸ਼ ਜੋ ਪੁਲੀਸ ਦੇ ਤਸ਼ੱਦਦ ਕਰਕੇ ਪੈਦਾ ਹੋਇਆ ਸੀ। ਇਸ ਨਾਲ ਪੂਰੀ ਕਿਸਾਨੀ ਵਿੱਚ ਇੱਕ ਨਵਾਂ ਜਜ਼ਬਾਤੀ ਤੂਫ਼ਾਨ ਉੱਠਿਆ। ਦੂਜਾ, ਪੰਜਾਬ ਦੇ ਕਿਸਾਨਾਂ ਵੱਲੋਂ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਭਾਵੁਕ ਹੋ ਕੇ ਗੁਰਬਾਣੀ ਦਾ ਲਗਾਤਾਰ ਸੰਗੀਤਕ ਸੁਰਾਂ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਪਾਠ। ਦੋਵਾਂ ਚੀਜ਼ਾਂ ਨੇ ਨਿਰਾਸ਼ ਹੁੰਦੀ ਕਿਸਾਨੀ ਨੂੰ ਨਵੇਂ ਸਿਰਿਓਂ ਤਾਕਤ ਬਖ਼ਸ਼ੀ ਅਤੇ ਘੋਲ ਪਹਿਲਾਂ ਨਾਲੋਂ ਵੀ ਮਜ਼ਬੂਤ ਕਦਮਾਂ ਨਾਲ ਅੱਗੇ ਵਧਿਆ। ਇਹ ਦੋਵੇਂ ਦ੍ਰਿਸ਼ ਫਿਲਮ ਵਿੱਚ ਬੜੀ ਕਲਾਤਮਿਕ ਦ੍ਰਿਸ਼ਟੀ ਨਾਲ ਫਿਲਮਾਏ ਗਏ ਹਨ।
ਫਿਲਮ ਕੇਂਦਰ ਸਰਕਾਰ ਵੱਲੋਂ ਸਤੰਬਰ 2020 ਵਿੱਚ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੋਂ ਸ਼ੁਰੂ ਹੁੰਦੀ ਹੈ। ਪਹਿਲੇ ਦੋ ਮਹੀਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਸਾਰੇ ਪੰਜਾਬ ਵਿੱਚ ਸ਼ੁਰੂ ਹੋਇਆ। ਹੌਲੀ ਹੌਲੀ ਸੰਯੁਕਤ ਕਿਸਾਨ ਮੋਰਚਾ ਬਣਿਆ ਅਤੇ ਇਸ ਦਾ ਵਿਸਤਾਰ ਹੋਇਆ। ਮੁਲਕ ਦੇ ਪੱਧਰ ’ਤੇ ਵਿਰੋਧ ਸ਼ੁਰੂ ਹੋਇਆ ਅਤੇ 26 ਨਵੰਬਰ 2020 ਤੋਂ ਕਿਸਾਨ ਦਿੱਲੀ ਨੂੰ ਤੁਰ ਪਏ। ਦਿੱਲੀ ਪਹੁੰਚਣ ਤੋਂ ਰੋਕਣ ਲਈ ਸਰਕਾਰ ਨੇ ਬਥੇਰਾ ਜ਼ੋਰ ਲਾਇਆ, ਪਰ ਕਿਸਾਨ ਪੁਰਅਮਨ ਤਰੀਕੇ ਨਾਲ ਡਟੇ ਰਹੇ। ਜਦੋਂ ਉਨ੍ਹਾਂ ਨੂੰ ਦਿੱਲੀ ਅੰਦਰ ਧਰਨੇ ਲਈ ਕੋਈ ਜਗ੍ਹਾ ਨਾ ਦਿੱਤੀ ਗਈ ਤਾਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਦਿੱਲੀ ਦੇ ਤਿੰਨ ਬਾਰਡਰਾਂ - ਸਿੰਘੂ, ਟਿਕਰੀ ਅਤੇ ਗਾਜ਼ੀਪੁਰ - ’ਤੇ ਆਪਸੀ ਸਹਿਮਤੀ ਨਾਲ ਧਰਨੇ ਲਾ ਦਿੱਤੇ। ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਗਰੁੱਪ ਦਾ ਜ਼ੋਰ ਸੀ, ਜਿਸ ਜਥੇਬੰਦੀ ਵੱਲੋਂ ਧਰਨੇ ਵਿੱਚ ਔਰਤਾਂ ਦੀ ਸ਼ਮੂਲੀਅਤ ਵੱਡੇ ਪੱਧਰ ’ਤੇ ਹੋਈ। ਹਰ ਰੋਜ਼ ਦਿਨ ਵੇਲੇ ਤਿੰਨਾਂ ਥਾਵਾਂ ’ਤੇ ਜਨਤਕ ਮੀਟਿੰਗਾਂ ਹੁੰਦੀਆਂ ਤੇ ਆਗੂਆਂ ਦੀਆਂ ਤਕਰੀਰਾਂ ਤੋਂ ਇਲਾਵਾ ਪੰਜਾਬ ਦੇ ਉੱਘੇ ਗਾਇਕ ਉੱਥੇ ਆਪਣੇ ਲੋਕ ਗੀਤਾਂ ਨਾਲ ਧਰਨੇ ’ਤੇ ਬੈਠੇ ਲੋਕਾਂ ਦਾ ਮਨੋਰੰਜਨ ਵੀ ਕਰਦੇ। ਪੂਰੇ ਸਾਲ ਦੌਰਾਨ ਕਿਸਾਨ ਕਿਹੜੀਆਂ ਮੁਸੀਬਤਾਂ ਵਿੱਚੋਂ ਲੰਘੇ, ਕਿਵੇਂ 6 ਮਹੀਨੇ ਦੇ ਬੱਚੇ ਤੋਂ ਲੈ ਕੇ 90 ਸਾਲ ਤੱਕ ਦੇ ਬਜ਼ੁਰਗ ਔਰਤਾਂ ਮਰਦਾਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ, ਫਿਲਮ ਵਿੱਚ ਇਸ ਨੂੰ ਦ੍ਰਿਸ਼ਾਂ ਰਾਹੀਂ ਬਿਆਨ ਕੀਤਾ ਗਿਆ ਹੈ। ਸਰਕਾਰ ਨੇ ਗੱਲਬਾਤ ਰਾਹੀਂ ਕਿਸਾਨਾਂ ਨੂੰ ਉਲਝਾਉਣ ਤੇ ਲਾਰੇ ਲੱਪਿਆਂ ਨਾਲ ਵਰਚਾਉਣ ਦੀ ਬੜੀ ਕੋਸ਼ਿਸ਼ ਕੀਤੀ। ਫਿਲਮ ਵਿੱਚ ਇਹ ਦ੍ਰਿਸ਼ ਵੀ ਹੈ ਕਿ ਗੱਲਬਾਤ ਸਮੇਂ ਕਿਸਾਨ ਆਗੂ ਸਰਕਾਰੀ ਲੰਚ ਨਾ ਕਰਕੇ ਕਿਵੇਂ ਆਪਣੇ ਧਰਨਿਆਂ ਦੀ ਥਾਂ ਤੋਂ ਆਪਣੀਆਂ ਰੋਟੀਆਂ ਲੈ ਕੇ ਜਾਂਦੇ ਸਨ। ਕਿਸਾਨ ਆਗੂਆਂ ਦੀ ਪਕਿਆਈ ਤੇ ਦ੍ਰਿੜ੍ਹਤਾ ਇੰਨਾ ਪ੍ਰਤੀਕਾਂ ਰਾਹੀਂ ਵੀ ਸਰਕਾਰ ਨੂੰ ਪਤਾ ਲੱਗ ਰਹੀ ਸੀ। ਸੱਭਿਆਚਾਰਕ ਤੌਰ ’ਤੇ ਕੰਵਰ ਗਰੇਵਾਲ ਦੇ ਗੀਤਾਂ ਅਤੇ ਬਹੁਤ ਸਾਰੇ ਕਵੀਆਂ ਦੀਆਂ ਕਵਿਤਾਵਾਂ ਨੇ ਕਿਸਾਨਾਂ ਨੂੰ ਹਲੂਣਾ ਦੇਈ ਰੱਖਿਆ। ਪੰਜਾਬ ਦੇ ਲੇਖਕਾਂ, ਬੁੱਧੀਜੀਵੀਆਂ ਵਿੱਚੋਂ ਸ਼ਾਇਦ ਹੀ ਕੋਈ ਹੋਵੇ ਜਿਹੜਾ ਇਸ ਸੰਘਰਸ਼ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਧਰਨਿਆ ’ਤੇ ਨਾ ਪਹੁੰਚਿਆ ਹੋਵੇ। ਇੱਕ ਵਾਰ ਕਿਸਾਨ 26 ਜਨਵਰੀ ਦੀ ਲਾਲ ਕਿਲੇ ਦੀ ਘਟਨਾ ਤੋਂ ਮੁਕਤ ਹੋ ਗਏ ਤਾਂ ਕਿਸਾਨਾਂ ਤੇ ਸਰਕਾਰ ਵਿੱਚ ਮਨੋਵਿਗਿਆਨਕ ਯੁੱਧ ਸ਼ੁਰੂ ਹੋ ਗਿਆ ਕਿ ਪਹਿਲਾਂ ਕੌਣ ਪੈਰ ਛੱਡਦਾ ਹੈ। ਸਰਕਾਰ ਨੇ ਕਿਸਾਨਾਂ ’ਤੇ ਜ਼ੁਲਮ ਦੀ ਇੰਤਹਾ ਕਰ ਕੇ ਦੇਖ ਲਈ। ਮੋਰਚੇ ਦੌਰਾਨ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸਨ। ਅਖੀਰ ਨੂੰ ਮੋਦੀ ਸਰਕਾਰ ਜਿਸ ਨੇ ਨੌਂ ਸਾਲਾਂ ਵਿੱਚ ਕਿਸੇ ਅੱਗੇ ਵੀ ਝੁਕਣਾ ਨਹੀਂ ਸਿੱਖਿਆ ਸੀ, ਨੂੰ ਕਿਸਾਨ ਏਕਤਾ ਤੇ ਸ਼ਹਾਦਤ ਦੇ ਜਜ਼ਬੇ ਅੱਗੇ ਝੁਕਣਾ ਪਿਆ ਅਤੇ ਇੱਕ ਸਾਲ ਤੋਂ ਵੱਧ (379 ਦਿਨਾਂ) ਦੇ ਧਰਨੇ ਤੋਂ ਬਾਅਦ ਕਾਨੂੰਨ ਵਾਪਸ ਲੈਣੇ ਪਏ। ਗਰਮੀ, ਸਰਦੀ, ਬਰਸਾਤ ਦੌਰਾਨ ਧਰਨੇ ’ਤੇ ਟੈਂਟਾਂ ਵਿੱਚ ਬੈਠੇ ਔਰਤ, ਮਰਦ, ਬੱਚਿਆਂ ਦੇ ਅਜਿੱਤ ਜਜ਼ਬੇ ਤੇ ਅਕੀਦੇ ਸਾਹਮਣੇ ਝੁਕਣਾ ਪਿਆ।
ਫਿਲਮ ਵਿੱਚ ਬੜੇ ਸਜੀਵ ਢੰਗ ਨਾਲ ਦ੍ਰਿਸ਼ ਫਿਲਮਾਏ ਹਨ, ਜਿਵੇਂ ਸਰਦੀ ਵਿੱਚ ਰਜਾਈਆਂ ਦੀ ਘਾਟ। ਇੱਕ ਭੈਣ ਆਪਣੇ ਭਰਾ ਨੂੰ ਹੱਸਦਿਆਂ ਕਹਿੰਦੀ ਹੈ ਕਿ ਮੈਂ ਤੈਨੂੰ ਰੋਟੀ ਬਣਾ ਦੂੰ, ਪਰ ਤੂੰ ਮੈਨੂੰ ਰਜਾਈ ਲਿਆ ਕੇ ਦੇ। ਮਰਦ ਤੇ ਔਰਤਾਂ ਮਿਲ ਕੇ ਰੋਟੀ ਪਕਾਉਂਦੇ, ਭਾਂਡੇ ਧੋਂਦੇ। ਜਿਹੜੇ ਕੰਮ ਘਰਾਂ ਵਿੱਚ ਸਿਰਫ਼ ਔਰਤਾਂ ਕਰਦੀਆਂ ਹਨ, ਇੱਥੇ ਮਰਦ ਵੀ ਕਰਦੇ ਰਹੇ। ਇਹ ਗੱਲ ਜ਼ਰੂਰ ਹੈ ਕਿ ਜੋਗਿੰਦਰ ਸਿੰਘ ਉਗਰਾਹਾਂ ’ਤੇ ਫਿਲਮ ਵਿੱਚ ਵੱਧ ਧਿਆਨ ਕੇਂਦਰਿਤ ਹੈ। ਹਾਲਾਂਕਿ ਰਾਕੇਸ਼ ਟਿਕੈਤ, ਯੋਗੇਂਦਰ ਯਾਦਵ ਰਮਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ ਆਦਿ ਆਗੂ ਵੀ ਨਜ਼ਰ ਆਉਂਦੇ ਹਨ, ਪਰ ਉਗਰਾਹਾਂ ਦਾ ਭਾਸ਼ਣ ਸਭ ਤੋਂ ਵੱਧ ਵਾਰ ਦਿਖਾਇਆ ਗਿਆ ਹੈ। ਬਸੰਤੀ ਰੰਗ ਦੀਆਂ ਚੁੰਨੀਆਂ ਨਾਲ ਔਰਤਾਂ ਦੀ ਬੜੀ ਵੱਡੀ ਹਾਜ਼ਰੀ ਨੂੰ ਚੰਗੀ ਤਰ੍ਹਾਂ ਫਿਲਮਾਇਆ ਗਿਆ ਹੈ। ਇਹ ਵੀ ਦਿਖਾਇਆ ਹੈ ਕਿ ਮੋਰਚੇ ’ਤੇ ਲੋਕਾਂ ਦਾ ਸਾਰਾ ਦਿਨ ਕਿਵੇਂ ਲੰਘਦਾ ਸੀ। ਇਸ ਨੂੰ ਕਦੇ ਖੇਡਾਂ ਖੇਡਦਿਆਂ, ਕਦੇ ਨੱਚਦਿਆਂ ਗਾਉਂਦਿਆਂ, ਕਦੇ ਮੋਬਾਈਲ ਜਾਂ ਵੱਡੇ ਪਰਦੇ ’ਤੇ ਸੰਘਰਸ਼ ਦੀਆਂ ਫਿਲਮਾਂ ਦੇਖਦਿਆਂ ਅਤੇ ਭਾਸ਼ਣ ਸੁਣਦਿਆਂ ਜ਼ਿੰਦਾਦਿਲੀ ਨਾਲ ਬਿਤਾਇਆ ਜਾਂਦਾ। ਇੱਕ ਦਿਲਚਸਪ ਗੱਲ ਧਰਨੇ ਵਿੱਚ ਸ਼ਰਾਬ ਪੀਣ ਵਾਲਿਆਂ ਦਾ ਹਿਸਾਬ ਰੱਖਣ ਦੀ ਹੈ। ਉਨ੍ਹਾਂ ਨੂੰ ਮਜ਼ਾਕ ਵਿੱਚ ਭਾਈ ਸਾਬ੍ਹ ਦਾ ਲਕਬ ਦਿੱਤਾ ਗਿਆ ਅਤੇ ਉਨ੍ਹਾਂ ’ਤੇ ਬਾਕਾਇਦਾ ਨਜ਼ਰਸਾਨੀ ਕੀਤੀ ਜਾਂਦੀ। ਉਨ੍ਹਾਂ ਪ੍ਰਤੀ ਰਵੱਈਆ ਹਮਦਰਦੀ ਵਾਲਾ ਹੈ, ਘਿਰਣਾ ਵਾਲਾ ਨਹੀਂ। ਜਥੇਬੰਦੀਆਂ ਪੈਸੇ ਅਤੇ ਚੰਦੇ ਦਾ ਵੀ ਹਿਸਾਬ ਕਿਤਾਬ ਰੱਖਦੀਆਂ।
ਨਿਸ਼ਠਾ ਜੈਨ ਨੇ ਚਾਰ ਸੌ ਘੰਟੇ ਦੀ ਸ਼ੂਟਿੰਗ ਕੀਤੀ ਸੀ, ਜਿਸ ਵਿੱਚੋਂ ਇੱਕ ਘੰਟਾ ਪੰਤਾਲੀ ਮਿੰਟ ਦੀ ਇਹ ਸੰਪਾਦਿਤ ਦਸਤਾਵੇਜ਼ੀ ਫਿਲਮ ਬਣਾ ਕੇ ਦੁਨੀਆ ਭਰ ਵਿੱਚ ਨਾਮਣਾ ਖੱਟਿਆ ਹੈ। ਯੂਰਪ ਵਿੱਚ ਇਸ ਫਿਲਮ ਨੇ ਇਨਾਮ ਵੀ ਹਾਸਿਲ ਕੀਤੇ ਹਨ। ਧਰਨਕਾਰੀਆਂ ਕੋਲ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਪਾਸ਼ ਆਦਿ ਨਾਇਕਾਂ ਦੀਆਂ ਤਸਵੀਰਾਂ ਆਮ ਹੀ ਦਿਖਾਈ ਦਿੰਦੀਆਂ ਸਨ। ਕਿਸਾਨਾਂ ਨੇ ਆਪਣਾ ਖ਼ੁਦ ਦਾ ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰ ‘ਟਰਾਲੀ ਟਾਈਮਜ਼’ ਵੀ ਧਰਨੇ ਦੌਰਾਨ ਜਾਰੀ ਰੱਖਿਆ। ਇੰਜ, ਇਸ ਲੰਮੇ ਘੋਲ ਦੌਰਾਨ ਇਨਸਾਨੀ ਜ਼ਰੂਰਤ ਦੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਮੌਜੂਦ ਸਨ। ਡਾਕਟਰਾਂ ਦੀਆਂ ਟੀਮਾਂ ਅਤੇ ਆਰਜ਼ੀ ਹਸਪਤਾਲ ਫਿਲਮ ਵਿੱਚ ਜ਼ਿਆਦਾ ਨਹੀਂ ਦਿਖਾਏ ਗਏ, ਪਰ ਜ਼ਿੰਦਗੀ ਦੇ ਅਨੇਕਾਂ ਹੋਰ ਰੰਗ ਦ੍ਰਿਸ਼ਮਾਨ ਹੋਏ ਹਨ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇਹ ਫਿਲਮ ਮਨੁੱਖੀ ਅਧਿਕਾਰ ਦਿਵਸ ਮੌਕੇ ਦਿਖਾਈ ਗਈ ਤਾਂ ਦੋ ਘੰਟੇ ਦਰਸ਼ਕ ਇੰਜ ਬੱਝ ਕੇ ਬੈਠੇ ਰਹੇ ਕਿ ਕੋਈ ਖੰਘਿਆ ਤੱਕ ਨਹੀਂ। ਉਗਰਾਹਾਂ ਗਰੁੱਪ ਵੱਲੋਂ 10 ਦਸੰਬਰ 2020 ਨੂੰ ਮਨੁੱਖੀ ਅਧਿਕਾਰ ਦਿਨ ਮਨਾਇਆ ਗਿਆ ਸੀ, ਜਿਸ ਵਿੱਚ ਭੀਮਾ ਕੋਰੇਗਾਓਂ ਮਾਮਲੇ ਦੇ ਜੇਲ੍ਹਾਂ ਵਿੱਚ ਬੰਦ ਸਿਆਸੀ ਕਾਰਕੁਨਾਂ ’ਤੇ ਧਿਆਨ ਕੇਂਦਰਿਤ ਕਰਕੇ ਉਨ੍ਹਾਂ ਦੀ ਰਿਹਾਈ ਮੰਗੀ ਗਈ ਸੀ, ਪਰ ਫਿਲਮ ਵਿੱਚ ਉਹ ਦ੍ਰਿਸ਼ ਨਹੀਂ ਹੈ। ਉਂਜ, ਮਨੁੱਖੀ ਅਧਿਕਾਰ ਦਿਵਸ ਦੇ ਪੋਸਟਰ ਨਾਲ ਉਗਰਾਹਾਂ ਦਾ ਭਾਸ਼ਣ ਦਿਖਾਇਆ ਗਿਆ ਹੈ।
ਕੁੱਲ ਮਿਲਾ ਕੇ ਇਸ ਵੱਡੇ ਤੇ ਇਤਿਹਾਸਕ ਕਿਸਾਨ ਘੋਲ ਨੂੰ ਸਕਰੀਨ ’ਤੇ ਦੁਬਾਰਾ ਜਿਊਂਦਿਆਂ ਕਰਕੇ ਨਿਸ਼ਠਾ ਜੈਨ ਨੇ ਇਸ ਸੰਘਰਸ਼ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਹੁਣ ਜਦ ਕਿਸਾਨ ਘੋਲ ਆਪਣੇ ਨਵੇਂ ਦੌਰ ਵਿੱਚ ਫਿਰ ਸਖ਼ਤ ਸੰਘਰਸ਼ ਦੇ ਰਾਹ ਤੁਰਿਆ ਹੋਇਆ ਹੈ, ਉਸ ਵੇਲੇ ਉਨ੍ਹਾਂ ਜਥੇਬੰਦੀਆਂ ਵਿੱਚ ਏਕਤਾ ਦੀ ਘਾਟ ਰੜਕਦੀ ਹੈ, ਜਿਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਤਾਂ ਵਾਪਸ ਕਰਵਾ ਦਿੱਤੇ, ਪਰ ਬਾਕੀ ਮੰਗਾਂ ਜਿਵੇਂ ਐੱਮਐੱਸਪੀ ਦੀ ਮੰਗ, ਉੱਥੇ ਹੀ ਖੜ੍ਹੀਆਂ ਹਨ, ਜੋ ਕਿਸਾਨਾਂ ਲਈ ਜ਼ਿੰਦਗੀ-ਮੌਤ ਦੀ ਲੜਾਈ ਹੈ। ਕੀ ਸਾਰੀਆਂ ਕਿਸਾਨ ਜਥੇਬੰਦੀਆਂ ਫਿਰ ਉਹ ਏਕਾ ਦਿਖਾ ਸਕਣਗੀਆਂ, ਜਿਸ ਨਾਲ ਉਨ੍ਹਾਂ 2020-21 ਦਾ ਇਤਿਹਾਸ ਸਿਰਜਿਆ ਸੀ। ਸਰਕਾਰ ਤਾਂ ਤਿੰਨੇ ਕਾਨੂੰਨ ਨਵੇਂ ਰੂਪ ਵਿੱਚ ਲਿਆਉਣ ਨੂੰ ਤਿਆਰ ਬੈਠੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 41 ਦਿਨਾਂ ਤੋਂ ਮਰਨ ਵਰਤ ’ਤੇ ਬੈਠਾ ਹੈ, ਪਰ ਕਿਸਾਨ ਜਥੇਬੰਦੀਆਂ ਮੁੜ ਏਕਾ ਕਰ ਕੇ ਸਰਕਾਰ ਦੇ ਗੋਡੇ ਲੁਆਉਣ ਲਈ ਹਾਲੇ ਤਿਆਰ ਨਹੀਂ ਜਾਪਦੀਆਂ। ਕੀ ਇਨਕਲਾਬ ਦੀ ਖੇਤੀ ਨੂੰ ਮੁੜ ਬੂਰ ਪਵੇਗਾ ਜਾਂ ਇਹ ਫਿਲਮ ਵਿੱਚ ਹੀ ਸੀਮਤ ਹੋ ਕੇ ਰਹਿ ਜਾਵੇਗੀ?
* ਸਾਬਕਾ ਡੀਨ, ਭਾਸ਼ਾਵਾਂ ਫੈਕਲਟੀ, ਪੰਜਾਬ ਯੂਨੀਵਰਸਿਟੀ ਅਤੇ ਰਿਟਾਇਰਡ ਪ੍ਰੋਫੈਸਰ, ਜਵਾਹਰਲਾਲ ਨਹਿਰੂ ਯੂਨੀਵਰਸਿਟੀ।
ਈ-ਮੇਲ: Chamanlal.jnu@gmail,com

Advertisement
Author Image

Advertisement