ਇਨਕਲਾਬ ਮੇਲਾ: ਦੂਜੇ ਦਿਨ ਕਰਮਜੀਤ ਅਨਮੋਲ ਨੇ ਬੰਨ੍ਹਿਆ ਸਮਾਂ
ਸੁਰਜੀਤ ਮਜਾਰੀ
ਨਵਾਂਸ਼ਹਿਰ, 29 ਸਤੰਬਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਖਟਕੜ ਕਲਾਂ ਵਿੱਚ ਕਰਵਾਏ ਜਾ ਰਹੇ ਦੋ ਰੋਜ਼ਾ ਇਨਕਲਾਬ ਮੇਲੇ ਦੇ ਦੂਜੇ ਅਤੇ ਆਖਰੀ ਦਿਨ ਅੱਜ ਪ੍ਰਸਿੱਧ ਪੰਜਾਬੀ ਕਲਾਕਾਰ ਜਸਬੀਰ ਜੱਸੀ, ਰਾਣੀ ਰਣਦੀਪ ਅਤੇ ਕਰਮਜੀਤ ਅਨਮੋਲ ਨੇ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਪੂਰਾ ਰੰਗ ਬੰਨ੍ਹਿਆ। ਉਨ੍ਹਾਂ ਦੇਸ਼ ਭਗਤੀ, ਸੱਭਿਆਚਾਰ ਅਤੇ ਵਿਰਸੇ ਨਾਲ ਜੁੜੇ ਗੀਤਾਂ ਤੋਂ ਇਲਾਵਾ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਪੂਰਾ ਪੰਡਾਲ ਝੂਮਣ ਲਾ ਦਿੱਤਾ। ਇਸ ਦੌਰਾਨ ਅਸ਼ੋਕ ਕਲਿਆਣ ਥੀਏਟਰ, ਸੁੱਖ ਡੀਜੇ ਪਟਿਆਲਾ, ਫਰੈਂਡਜ਼ ਥੀਏਟਰ ਗਰੁੱਪ ਜਲੰਧਰ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ’ਤੇ ਆਧਾਰਿਤ ਕੋਰੀਓਗ੍ਰਾਫੀਆਂ, ਨਾਟਕਾਂ ਤੋਂ ਇਲਾਵਾ ਲੁੱਡੀ ਅਤੇ ਗਿੱਧੇ-ਭੰਗੜੇ ਦੀਆਂ ਪੇਸ਼ਕਾਰੀਆਂ ਕੀਤੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਐੱਸਐੱਨ ਕਾਲਜ ਬੰਗਾ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਨਾਲ ਕੀਤੀ ਗਈ। ਓਪਨ ਮਾਈਕ ਪੇਸ਼ਕਾਰੀਆਂ ਯਾਦਗਾਰੀ ਰਹੀਆਂ। ਅੱਜ ਦੇ ਪ੍ਰੋਗਰਾਮ ਵਿਚ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਆ ਸੂਦ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਬੀਰ ਕਰਨਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮੇਲੇ ਨੂੰ ਸਫਲ ਬਣਾਉਣ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਵਾਲੰਟੀਅਰਾਂ ਦੀ ਸ਼ਲਾਘਾ ਕੀਤੀ।