ਡੀਸੀ ਵੱਲੋਂ ਕਣਕ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 23 ਅਪਰੈਲ
ਜ਼ਿਲ੍ਹਾ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਲਲਤੋਂ ਕਲਾਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰਸ਼ਾਸਨ ਵੱਲੋਂ ਕਣਕ ਦਾ ਇੱਕ-ਇੱਕ ਦਾਣਾ ਖ਼ਰੀਦਣ ਦੀ ਵਚਨਬੱਧਤਾ ਦੁਹਰਾਈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਡੀਆਂ ਵਿੱਚ ਅਨਾਜ ਦੀ ਚੱਲ ਰਹੀ ਖ਼ਰੀਦ ਅਤੇ ਢੋਆ-ਢੁਆਈ ਸਬੰਧੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਾੜ੍ਹੀ ਦੇ ਇਸ ਸੀਜ਼ਨ ਦੌਰਾਨ ਕਣਕ ਦੀ ਸੁਚਾਰੂ ਅਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਵੀ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਲਲਤੋਂ ਕਲਾਂ ਅਤੇ ਜੋਧਾਂ ਅਨਾਜ ਮੰਡੀਆਂ ਵਿੱਚ ਹਾਜ਼ਰ ਕਿਸਾਨਾਂ ਨਾਲ ਗੱਲਬਾਤ ਦੌਰਾਨ ਖ਼ਰੀਦ ਪ੍ਰਬੰਧਾਂ ਸਬੰਧੀ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਕਿਸਾਨਾਂ ਨੇ ਫ਼ਸਲ ਦੀ ਖ਼ਰੀਦ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ‘ਤੇ ਪੂਰੀ ਤਸੱਲੀ ਦਾ ਪ੍ਰਗਟਾਵਾ ਕੀਤਾ।
ਐੱਸਡੀਐੱਮ ਵੱਲੋਂ ਖਰੀਦ ਦਾ ਜਾਇਜ਼ਾ
ਮਾਛੀਵਾੜਾ (ਪੱਤਰ ਪ੍ਰੇਰਕ): ਐੱਸਡੀਐੱਮ ਸਮਰਾਲਾ ਰਜਨੀਸ਼ ਅਰੋੜਾ ਨੇ ਮਾਛੀਵਾੜਾ ਅਨਾਜ ਮੰਡੀ ਵਿਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਆੜ੍ਹਤੀਆਂ ਨਾਲ ਮੀਟਿੰਗ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਡੀਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਮਾਛੀਵਾੜਾ ਦਾਣਾ ਮੰਡੀ ਅਤੇ ਉਪ ਖਰੀਦ ਕੇਂਦਰ ਲੱਖੋਵਾਲ ਕਲਾਂ, ਸ਼ੇਰਪੁਰ ਬੇਟ, ਬੁਰਜ ਪਵਾਤ ਅਤੇ ਹੇਡੋਂ ਬੇਟ ਵਿਚ ਕਿਸਾਨਾਂ ਦੀ ਫਸਲ ਖਰੀਦ ਦਾ ਕੰਮ ਬੜੇ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ ਅਤੇ ਸੁੱਕੀ ਫਸਲ ਆਉਂਦਿਆਂ ਹੀ ਖਰੀਦੀ ਜਾ ਰਹੀ ਹੈ।