ਜੈਇੰਦਰ ਕੌਰ ਵੱਲੋਂ ਜਲ ਪ੍ਰਾਜੈਕਟ ਦਾ ਜਾਇਜ਼ਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਜੂਨ
ਭਾਰਤੀ ਜਨਤਾ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਜੈਇੰਦਰ ਕੌਰ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਵਿਚ ਸ਼ੁਰੂ ਕਰਵਾਏ ਵਿਕਾਸ ਕਾਰਜਾਂ ‘ਤੇ ਆਪਣੀ ਮੋਹਰ ਲਗਾਉਣ ਲੱਗੇ ਹਨ। ਉਨ੍ਹਾਂ ਪਟਿਆਲਾ ਵਿਚ ਬਣਾਏ ਜਾ ਰਹੇ ਪਾਣੀ ਸੋਧ ਪ੍ਰਾਜੈਕਟ ਦਾ ਵੀ ਅੱਜ ਦੌਰਾ ਕੀਤਾ ਅਤੇ ਦਾਅਵਾ ਕੀਤਾ ਕਿ ਇਸ ਜਲ ਸੋਧ ਪ੍ਰਾਜੈਕਟ ਲਈ ਕੇਂਦਰ ਦੀ ਭਾਜਪਾ ਸਰਕਾਰ ਨੇ ਗਰਾਂਟ ਦਿੱਤੀ ਸੀ। ਜੈਇੰਦਰ ਕੌਰ ਅਤੇ ਯੂਪੀ ਦੇ ਵਿਧਾਨ ਪ੍ਰੀਸ਼ਦ ਦੇ ਮੈਂਬਰ ਅਤੇ ਸਾਬਕਾ ਮੰਤਰੀ ਡਾ. ਮਹਿੰਦਰ ਸਿੰਘ ਨੇ ਪਟਿਆਲਾ ਦੇ ਨਹਿਰੀ ਪਾਣੀ ਦੇ ਪ੍ਰਾਜੈਕਟ ਦੀ ਅੱਜ ਸਮੀਖਿਆ ਕੀਤੀ। ਇਸ ਮੌਕੇ ਜੈਇੰਦਰ ਕੌਰ ਨੇ ਕਿਹਾ ਕਿ 24 ਘੰਟੇ ਚੱਲਣ ਵਾਲੇ ਇਸ ਨਹਿਰੀ ਪਾਣੀ ਦਾ ਪ੍ਰਾਜੈਕਟ ਇਲਾਕੇ ਦੇ ਲੋਕਾਂ ਦੀ ਵੱਡੀ ਮੰਗ ਸੀ ਅਤੇ ਇਸ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ 2020 ਵਿੱਚ ਕੀਤੀ ਸੀ। ਇਸ ਦੀ ਕੁੱਲ ਲਾਗਤ 565 ਕਰੋੜ ਰੁਪਏ ਹੈ। ਕੇਂਦਰ ਸਰਕਾਰ ਨੇ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਅੰਮ੍ਰਿਤ ਸਕੀਮ ਤਹਿਤ 144 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਵਾਟਰ ਪਲਾਂਟ ਦੀ ਸਮਰੱਥਾ 11 ਐੱਮਐੱਲਟੀ ਪ੍ਰਤੀ ਦਿਨ ਹੈ ਅਤੇ ਇਹ 90 ਹਜ਼ਾਰ ਤੋਂ ਵੱਧ ਘਰਾਂ ਨੂੰ ਲਾਭ ਪਹੁੰਚਾਏਗਾ, ਜਿਸ ਨਾਲ ਪਟਿਆਲਾ ਦੇ ਲਗਪਗ 4.80 ਲੱਖ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਇਹ ਪ੍ਰਾਜੈਕਟ ਅਕਤੂਬਰ 2023 ਤੱਕ ਪੂਰਾ ਹੋ ਜਾਵੇਗਾ।