ਅਧਿਕਾਰੀਆਂ ਵੱਲੋਂ ਗਿਣਤੀ ਕੇਂਦਰਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਜੂਨ
ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2024 ਲਈ ਕੁਰੂਕਸ਼ੇਤਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਚਾਰ ਜੂਨ ਨੂੰ ਹੋਵੇਗੀ। ਇਸ ਦੌਰਾਨ ਲਾਡਵਾ ਤੇ ਸ਼ਾਹਬਾਦ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਮਿਊਨਿਟੀ ਹਾਲ ਵਿਚ ਕੀਤੀ ਜਾਏਗੀ। ਪਿਹੋਵਾ ਤੇ ਥਾਨੇਸਰ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸ਼ੂਟਿੰਗ ਹਾਲ ਵਿਚ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਾਂ ਦੀ ਗਿਣਤੀ ਲਈ ਬਣਾਏ ਗਏ ਸਟਰੌਂਗ ਰੂਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਚਾਰੋਂ ਵਿਧਾਨ ਸਭਾ ਦੇ ਏਆਰਓਜ ਤੇ ਚੋਣ ਤਹਿਸੀਲਦਾਰ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇ ਕੋਈ ਉਮੀਦਵਾਰ ਜਾਂ ਏਜੰਟ ਸਟਰਾਂਗ ਰੂਮ ਅੰਦਰਲੀ ਗਤੀਵਿਧੀ ਦੇਖਣਾ ਚਾਹੁੰਦਾ ਹੈ ਤਾਂ ਉਹ ਬਾਹਰ ਲੱਗੇ ਕੈਮਰਿਆਂ ਤੋਂ ਦੇਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ ਅਧਿਕਾਰਤ ਪਾਸਾਂ ਵਾਲੇ ਹੀ ਅੰਦਰ ਦਾਖਲ ਹੋ ਸਕਣਗੇ। ਹੁਕਮਾਂ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਏਗੀ। ਇਸ ਮੌਕੇ ਚੋਣ ਅਧਿਕਾਰੀ ਨੇ ਗਿਣਤੀ ਵੇਲੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਸੀਸੀਟੀਵੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕੋਈ ਮੁਸ਼ਕਲ ਆਉਣ ’ਤੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਅਪੀਲ ਕੀਤੀ। ਇਸ ਮੌਕੇ ਏਆਰਓ ਥਾਨੇਸਰ ਸੁਰਿੰਦਰ ਪਾਲ, ਏਆਰਓ ਲਾਡਵਾ ਨਸੀਬ ਕੁਮਾਰ, ਏਆਰਓ ਸ਼ਾਹਬਾਦ ਨਸੀਬ ਮਲਿਕ ,ਚੋਣ ਤਹਿਸੀਲਦਾਰ ਸਰਲਾ ਕੌਸ਼ਿਕ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਫ਼ਰੀਦਾਬਾਦ (ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਵਿਕਰਮ ਸਿੰਘ ਨੇ ਸਹਾਇਕ ਚੋਣ ਅਫ਼ਸਰਾਂ ਨਾਲ ਵੋਟਾਂ ਦੀ ਗਿਣਤੀ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਵੋਟਾਂ ਦੀ ਗਿਣਤੀ ਦੀ ਸਮੁੱਚੀ ਪ੍ਰਕ੍ਰਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਹਰ ਨੁਕਤੇ ’ਤੇ ਚਰਚਾ ਕੀਤੀ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ | ਦੁਪਹਿਰ ਨੂੰ ਭਾਰਤ ਦੇ ਚੋਣ ਕਮਿਸ਼ਨ ਨੇ ਵੀਡੀਓ ਕਾਨਫਰੰਸ ਰਾਹੀਂ ਰਾਸ਼ਟਰੀ ਪੱਧਰ ‘ਤੇ ਵੋਟਾਂ ਦੀ ਗਿਣਤੀ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਵਿਕਰਮ ਸਿੰਘ ਨੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਦਾ ਭਰੋਸਾ ਦਿੱਤਾ। ਵੀਡੀਓ ਕਾਨਫਰੰਸ ਤੋਂ ਬਾਅਦ ਉਨ੍ਹਾਂ ਮਿੰਨੀ ਸਕੱਤਰੇਤ ਵਿਖੇ ਸਬੰਧਤ ਅਧਿਕਾਰੀਆਂ ਦੀ ਮੌਕੇ ’ਤੇ ਹੀ ਮੀਟਿੰਗ ਕੀਤੀ। ਇਸ ਦੌਰਾਨ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਸਬੰਧੀ ਆਪਣੀ ਡਿਊਟੀ ਤਨਦੇਹੀ ਨਾਲ ਦੇਦ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਆਨੰਦ ਸ਼ਰਮਾ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਵਪਨਿਲ ਰਵਿੰਦਰ ਪਾਟਿਲ, ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਸਤਬੀਰ ਮਾਨ, ਐਸਡੀਐਮ ਸ਼ਿਖਾ ਅੰਤਿਲ, ਐੱਸਡੀਐੱਮ ਅਮਿਤ ਮਾਨ ਹਾਜ਼ਰ ਸਨ।