ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਟੀਮ ਵੱਲੋਂ ਪਰਾਲੀ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਮਾਨਸਾ, 18 ਨਵੰਬਰ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਡਾ. ਸੀ.ਕੇ. ਦੀਕਸ਼ਤ ਵੱਲੋਂ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਲਈ ਵਰਤੀ ਜਾ ਰਹੀ ਖੇਤੀ ਮਸ਼ੀਨਰੀ ਨਾਲ ਹੋ ਰਹੀ ਕਣਕ ਦੀ ਬਿਜਾਈ ਦਾ ਜਾਇਜ਼ਾ ਲਿਆ ਗਿਆ। ਡਾ.ਦੀਕਸ਼ਤ ਨੇ ਜਾਇਜ਼ਾ ਲੈਣ ਤੋਂ ਬਾਅਦ ਕਿਹਾ ਕਿ ਕਿਸਾਨ ਨਵੀਂ ਤਕਨੀਕ ਦਾ ਸਦਉਪਯੋਗ ਕਰ ਰਹੇ ਹਨ। ਭਵਿੱਖ ਵਿਚ ਇਸੇ ਤਰ੍ਹਾਂ ਵੱਧ ਤੋਂ ਵੱਧ ਕਿਸਾਨ ਨਵੀਆਂ ਖੇਤੀ ਤਕਨੀਕਾਂ ਨਾਲ ਜੁੜਨਗੇ ਤਾਂ ਜ਼ਰੂਰ ਪਰਾਲੀ ਦੇ ਮਸਲੇ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਜਾਵੇਗਾ। ਉਨ੍ਹਾਂ ਇਸ ਮੌਕੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਦਿੱਲੀ ਤੋਂ ਆਈ ਟੀਮ ਨਾਲ ਖੇਤੀ ਮਸ਼ੀਨਰੀ ਦੀ ਜਾਂਚ ਕਰਦਿਆਂ ਕਿਸਾਨਾਂ ਨੂੰ ਮਸ਼ੀਨਰੀ ਦੀ ਤਕਨੀਕ ਅਤੇ ਇਸ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਿੰਡ ਢੈਪਈ ਵਿਖੇ ਕੋਆਪਰੇਟਿਵ ਸੁਸਾਇਟੀ ਤੋਂ ਸਬਸਿਡੀ ’ਤੇ ਲਈ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੇ ਖੇਤ ਦਾ ਮੁਆਇਨਾ ਕੀਤਾ ਅਤੇ ਪਿੰਡ ਚੱਕ ਭਾਈ ਕੇ ਵਿਖੇ ਬੇਲਿੰਗ ਵਿਧੀ ਨਾਲ ਪਰਾਲੀ ਦੇ ਕੀਤੇ ਜਾ ਰਹੇ ਪ੍ਰਬੰਧਨ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਸਮਾਰਟ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਹੇ ਕਿਸਾਨ ਦੇ ਖੇਤ ਦਾ ਮੁਆਇਨਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰ੍ਰਬੰਧਨ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਅਤੇ ਸਿਹਤ ’ਤੇ ਮਾੜਾ ਅਸਰ ਨਾ ਪੈ ਸਕੇ। ਇਸ ਮੌਕੇ ਐਸ.ਡੀ.ਓ. ਪ੍ਰਦੂਸ਼ਣ ਕੰਟਰੋਲ ਬੋਰਡ ਹਰਸਿਮਰਨ ਸਿੰਘ, ਇੰਜ. ਕੁਲਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਵੀ ਮੌਜੂਦ ਸਨ।
ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ਧਰਨੇ ਲਈ ਲਾਮਬੰਦੀ ਕੀਤੀ ਗਈ। ਇਸ ਧਰਨੇ ਵਿਚ ਵੱਧ ਸ਼ਮੂਲੀਅਤ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਮਾਸਟਰ ਜਰਨੈਲ ਸਿੰਘ ਮਾਸਟਰ, ਬਲਕਰਨ ਸਿੰਘ ਮੱਲੇਆਣਾ ਤੇ ਛਿੰਦਰ ਸਿੰਘ ਮੱਲੇਆਣਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਦੇ ਲੋਕਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਲਾਗੂ ਕਰਵਾਉਣ ਲਈ ਮੋਰਚਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ ਕਲਿੱਕ ਖਿਲਾਫ਼ ਦਰਜ ਕੀਤੀ ਐਫ.ਆਈ.ਆਰ ਰੱਦ ਕਰਕੇ ਗ੍ਰਿਫਤਾਰ ਕੀਤੇ ਪੱਤਰਕਾਰ ਰਿਹਾਅ ਕੀਤੇ ਜਾਣ। ਇਸ ਮੀਟਿੰਗ ਵਿੱਚ ਬਲਵੰਤ ਸਿੰਘ, ਜਸਵੀਰ ਸਿੰਘ ਸੀਰਾ, ਭੋਲਾ ਸਿੰਘ, ਨਛੱਤਰ ਸਿੰਘ ਗੋਲੂ, ਸੁਰਜੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਲਖਵੀਰ ਕੌਰ, ਅਮਰਜੀਤ ਕੌਰ, ਬਲਦੇਵ ਕੌਰ ਆਦਿ ਮੌਜੂਦ ਸਨ।