For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਤੇ ਡੀਸੀ ਵੱਲੋਂ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

08:38 AM Aug 21, 2024 IST
ਵਿਧਾਇਕ ਤੇ ਡੀਸੀ ਵੱਲੋਂ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਦੌਰੇ ਦੌਰਾਨ ਵਿਧਾਇਕ ਡਾ. ਅਜੈ ਗੁਪਤਾ, ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ।
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 20 ਅਗਸਤ
ਕੋਲਕਾਤਾ ਮੈਡੀਕਲ ਵਿਦਿਆਰਥਣ ਨਾਲ ਵਾਪਰੀ ਘਟਨਾ ਤੋਂ ਬਾਅਦ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰ ਰਹੇ ਮੈਡੀਕਲ ਵਿਦਿਆਰਥੀਆਂ ਦੀ ਮੰਗ ਦਾ ਸਮਰਥਨ ਕਰਦਿਆਂ ਅਜ ਵਿਧਾਇਕ, ਡਿਪਟੀ ਕਮਿਸ਼ਨਰ ਅਤੇ ਪੁਲੀਸ ਕਮਿਸ਼ਨਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਦਾ ਦੌਰਾ ਕੀਤਾ ਗਿਆ।
ਵਿਧਾਇਕ ਡਾ. ਅਜੈ ਗੁਪਤਾ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਰਕਾਰ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਡਾਕਟਰਾਂ ਵੱਲੋਂ ਦੱਸੀਆਂ ਮੰਗਾਂ ’ਤੇ ਵਿਧਾਇਕ ਡਾ ਗੁਪਤਾ ਨੇ ਵਿਸ਼ਵਾਸ ਦਿਵਾਇਆ ਕਿ ਮਹਿਲਾ ਸੁਰੱਖਿਆ ਸਭ ਤੋਂ ਪਹਿਲਾ ਫਰਜ਼ ਹੈ, ਅਤੇ ਉਸ ਨੂੰ ਚੰਗੇ ਤਰੀਕੇ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾਵੇਗਾ ਅਤੇ ਐਮਰਜੈਂਸੀ ਰੂਮ ਦੇ ਨਾਲ ਇਕ ਪੁਲੀਸ ਚੌਕੀ ਵੀ ਬਣਾਈ ਜਾਵੇਗੀ, ਇਸ ਦੇ ਨਾਲ ਹਸਪਤਾਲ ਅਤੇ ਕਾਲਜ ਵਿੱਚ ਹਾਈਡੈਫੀਨੇਸ਼ਨ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਦਾ ਕੰਟਰੋਲ ਰੂਮ 24 ਘੰਟੇ ਕੰਮ ਕਰੇਗਾ। ਇਸ ਤੋਂ ਇਲਾਵਾ ਐਮਰਜੈਂਸੀ ਅਤੇ ਵਾਰਡਾਂ ਵਿੱਚ ਡਿਸਪਲੇ ਬੋਰਡ ’ਤੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲੀਸ ਅਧਿਕਾਰੀਆਂ ਦੇ ਨੰਬਰ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਕ ਹੰਗਾਮੀ ਸਥਿਤੀ ਵਾਲਾ ਬਟਨ ਵੀ ਲਗਾਇਆ ਜਾਵੇਗਾ, ਜਿਸ ਦਾ ਅਲਾਰਮ ਥਾਣਾ ਮਜੀਠਾ ਰੋਡ ਦੀ ਪੁਲੀਸ ਚੌਕੀ ਵਿੱਚ ਲੱਗੇਗਾ। ਵਿਧਾਇਕ ਵੱਲੋਂ ਗਰਲਜ਼ ਹੋਸਟਲ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਵੀ ਕੀਤੀ।
ਇਸ ਦੌਰਾਨ ਡਾਕਟਰਾਂ ਨੇ ਆਪਣੀ ਮੰਗਾਂ ਦੁਹਰਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਨੂੰ ਪੂਰਨ ਤੌਰ ’ਤੇ ਸੀ.ਸੀ.ਟੀ.ਵੀ ਨਾਲ ਲੈਸ ਕੀਤਾ ਜਾਵੇ, ਪੁਲੀਸ ਗ਼ਸ਼ਤ ਵਧਾਈ ਜਾਵੇ, ਮਹਿਲਾ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ, ਹਰ ਤਰਫ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ, ਪੀ.ਸੀ.ਆਰ. ਗਸ਼ਤ ਹੋਰ ਤੇਜ਼ ਹੋਵੇ, ਰਾਤ ਸਮੇਂ ਸਾਰੇ ਗੇਟ ਬੰਦ ਕੀਤੇ ਜਾਣ ਅਤੇ ਇੱਕ ਗੇਟ ਖੁੱਲਾ ਰੱਖਿਆ ਜਾਵੇ, ਜਿਸ ’ਤੇ ਸੁਰੱਖਿਆ ਗਾਰਡ ਤਾਇਨਾਤ ਹੋਣ, ਕਿਊ.ਆਰ.ਟੀ. (ਕੁਇਕ ਰਿਐਕਸ਼ਨ ਟੀਮ) ਦਾ ਗਠਨ ਕੀਤਾ ਜਾਵੇ। ਇਸ ਟੀਮ ਦੇ ਦਿਨ ਰਾਤ ਚਾਰ-ਚਾਰ ਮੈਂਬਰ ਤਾਇਨਾਤ ਕੀਤੇ ਜਾਣ, ਹਸਪਤਾਲ ਅੰਦਰ ਵੀਡੀਓਗ੍ਰਾਫੀ ਮਨਾ ਕੀਤੀ ਜਾਵੇ। ਡਾਕਟਰਾਂ ਦੀਆਂ ਇਨ੍ਹਾਂ ਮੰਗਾਂ ’ਤੇ ਵਾਅਦਾ ਕਰਦਿਆਂ ਵਿਧਾਇਕ ਨੇ ਕਿਹਾ ਕਿ ਜਿਸ ਤਰ੍ਹਾਂ ਡਾਕਟਰੀ ਟੀਮ ਕਹੇਗੀ ਉਸੇ ਤਰ੍ਹਾਂ ਕੰਮ ਹੋਵੇਗਾ। ਇਨ੍ਹਾਂ ਮੰਗਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 10 ਤੋਂ 15 ਦਿਨਾਂ ਅੰਦਰ ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ।
ਇਸ ਮੌਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਾਲਜ ਅਤੇ ਹਸਪਤਾਲ ਪ੍ਰਬੰਧਨ ਨੇ ਵੀ ਆਪਣੇ ਤੌਰ ’ਤੇ 170 ਪੋਕਸੋ ਸੁਰੱਖਿਆ ਗਾਰਡ ਰੱਖੇ ਹੋਏ ਹਨ ਅਤੇ ਲੋੜ ਪੈਣ ’ਤੇ ਇਨ੍ਹਾਂ ਦੀ ਗਿਣਤੀ ਵਿਚ ਹੋਰ ਵਾਧਾ ਕੀਤਾ ਜਾਵੇਗਾ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿਲੋਂ ਨੇ ਕਿਹਾ ਕਿ ਹਸਪਾਤਲ ਅਤੇ ਕਾਲਜ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਐੱਸਡੀਐੱਮ ਲਾਲ ਵਿਸ਼ਵਾਸ਼, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਦੇਵਗਨ, ਵਾਈਸ ਪ੍ਰਿੰਸੀਪਲ ਡਾ: ਜੇਪੀ ਅਤਰੀ, ਮੈਡੀਕਲ ਸੁਪਰਡੈਂਟ ਕਰਮਜੀਤ ਸਿੰਘ, ਡਿਪਟੀ ਮੈਡੀਕਲ ਸੁਪਰਡੈਂਟ ਡਾ. ਇੰਦਰਪਾਲ ਸਿੰਘ ਗਰੋਵਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Advertisement
Advertisement
Author Image

Advertisement
×