ਰੱਖਿਆ ਮੰਤਰੀ ਦੇ ਦੌਰੇ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਕਾਦੀਆਂ, 13 ਦਸੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਕਾਦੀਆਂ ਦੌਰੇ ਨੂੰ ਲੈ ਕੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਨੇ ਕਾਦੀਆਂ ਦਾ ਦੌਰਾ ਕੀਤਾ। ਉਹ ਦਾਣਾ ਮੰਡੀ ਜਾਇਜ਼ਾ ਲੈਣ ਲਈ ਪਹੁੰਚੇ ਜਿੱਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਨਾ ਹੈ। ਉਨ੍ਹਾਂ ਨਾਲ ਗੁਰਦਾਸਪੁਰ ਦੇ ਐੱਸਐੱਸਪੀ, ਬਟਾਲਾ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ, ਐੱਸਡੀਐੱਮ ਬਟਾਲਾ ਵਿਕਰਮਜੀਤ ਸਿੰਘ ਕਾਦੀਆਂ ਦੇ ਡੀਐੱਸਪੀ ਹਰਕ੍ਰਿਸ਼ਨ ਸਿੰਘ, ਡੀਐੱਸਪੀ ਬਟਾਲਾ ਰਾਜੇਸ਼ ਕੱਕੜ, ਡੀਐੱਸਪੀ ਸੰਜੀਵ ਕੁਮਾਰ ਸਮੇਤ ਕਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਇਸ ਮੌਕੇ ਡੀਸੀ ਉਮਾ ਸ਼ੰਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਇੱਕ ਨਿੱਜੀ ਸਮਾਗਮ ਵਿੱਚ ਹਿੱਸਾ ਲੈਣ ਲਈ 15 ਦਸੰਬਰ ਨੂੰ ਕਾਦੀਆਂ ਪਹੁੰਚ ਰਹੇ ਹਨ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਅਤੇ ਦੌਰੇ ਦੀ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਜਾਇਜ਼ਾ ਲਿਆ ਹੈ। ਉਨ੍ਹਾਂ ਸਮਾਗਮ ਦੇ ਪ੍ਰਬੰਧਕ ਅਸ਼ੋਕ ਪ੍ਰਭਾਕਰ ਅਤੇ ਵਰਿੰਦਰ ਕੁਮਾਰ ਪ੍ਰਭਾਕਰ ਨਾਲ ਰੱਖਿਆ ਮੰਤਰੀ ਦੇ ਦੌਰੇ ਬਾਰੇ ਗੱਲਬਾਤ ਕੀਤੀ। ਰੱਖਿਆ ਮੰਤਰੀ ਹੈਲੀਕਾਪਟਰ ਰਾਹੀਂ ਕਾਦੀਆਂ ਪਹੁੰਚਣਗੇ। ਸੰਭਾਵਨਾ ਹੈ ਕਿ ਉਨ੍ਹਾਂ ਦਾ ਹੈਲੀਕਾਪਟਰ ਦਾਣਾ ਮੰਡੀ ਜਾਂ ਸਿੱਖ ਨੈਸ਼ਨਲ ਕਾਲਜ ਦੇ ਗਰਾਊਂਡ ਵਿੱਚ ਉੱਤਰੇਗਾ। ਜ਼ਿਕਰਯੋਗ ਹੈ ਕਿ ਸ਼ਹੀਦ ਰਾਮ ਪ੍ਰਕਾਸ਼ ਪ੍ਰਭਾਕਰ ਦੀ 33ਵੀਂ ਬਰਸੀ ਮੌਕੇ 15 ਦਸੰਬਰ ਨੂੰ ਦੁਪਹਿਰ 2 ਵਜੇ ਸਮਾਗਮ ਕਰਵਾਇਆ ਜਾ ਰਿਹਾ ਹੈ।