ਥਾਪਰ ਮਾਡਲ ਤਹਿਤ ਬਣ ਰਹੇ ਛੱਪੜਾਂ ਦਾ ਜਾਇਜ਼ਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 19 ਅਗਸਤ
ਬਲਾਕ ਪਾਤੜਾਂ ਦੇ 10 ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ ਕਰਨ ਲਈ ਛੱਪੜਾਂ ਨੂੰ ਥਾਪਰ ਮਾਡਲ ਤਹਿਤ ਮਗਨਰੇਗਾ ਸਕੀਮ ਅਧੀਨ ਨਵੀਨੀਕਰਨ ਕਰ ਕੇ ਵਿਕਸਤ ਕੀਤਾ ਗਿਆ ਹੈ। ਜ਼ਿਲ੍ਹਾ ਪਰਿਸ਼ਦ ਪਟਿਆਲਾ ਦੇ ਡਿਪਟੀ ਸੀਈਓ ਰੂਪ ਸਿੰਘ ਅੱਜ ਪਾਤੜਾਂ ਬਲਾਕ ਦੇ ਪਿੰਡਾਂ ਰਸੌਲੀ, ਤੰਬੂਵਾਲਾ, ਹਰਿਆਊ ਕਲਾਂ ਅਤੇ ਕਲਵਾਣੂ ਵਿੱਚ ਥਾਪਰ ਮਾਡਲ ਤਹਿਤ ਮਗਨਰੇਗਾ ਅਧੀਨ ਵਿਕਸਤ ਕੀਤੇ ਗਏ ਛੱਪੜਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹੋਏ ਸਨ। ਉਨ੍ਹਾਂ ਦੇ ਨਾਲ ਪੰਚਾਇਤੀ ਰਾਜ ਦੇ ਐੱਸਡੀਓ ਰਾਜਿੰਦਰ ਕੁਮਾਰ, ਮਗਨਰੇਗਾ ਦੀ ਆਈਟੀ ਮੈਨੇਜਰ ਸ੍ਰੀਮਤੀ ਪੂਜਾ ਅਤੇ ਜੇਈ ਸੰਜੀਵ ਕੁਮਾਰ ਮੌਜੂਦ ਸਨ। ਸ੍ਰੀ ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪ੍ਰਤੀ ਬਲਾਕ ਘੱਟੋ-ਘੱਟ 5 ਛੱਪੜਾਂ ਨੂੰ ਵਿਕਸਤ ਕਰਨ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਛੱਪੜ 30 ਤੋਂ 35 ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ। ਛੱਪੜਾਂ ਨੂੰ ਵਿਕਸਤ ਕਰਨਾ ਵਾਤਾਵਰਨ ਦੀ ਸ਼ੁੱਧਤਾ ਲਈ ਅਹਿਮ ਹੈ, ਇਹ ਕਾਰਜ ਪਿੰਡਾਂ ਦੇ ਸਰਵ ਪੱਖੀ ਵਿਕਾਸ ਦੇ ਨਾਲ-ਨਾਲ ਪਿੰਡਾਂ ਨੂੰ ਇੱਕ ਨਵੀਂ ਦਿੱਖ ਵੀ ਪ੍ਰਦਾਨ ਕਰਦਾ ਹੈ।