ਡੀਸੀ ਵੱਲੋਂ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
ਜਗਮੋਹਨ ਸਿੰਘ
ਰੂਪਨਗਰ, 30 ਸਤੰਬਰ
ਪਹਿਲੀ ਅਕਤੂਬਰ ਨੂੰ ਸ਼ੁਰੂ ਹੋ ਰਹੀ ਝੋਨੇ ਦੇ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ ਨੇ ਅਨਾਜ ਮੰਡੀ ਰੂਪਨਗਰ ਦਾ ਦੌਰਾ ਕੀਤਾ। ਉਨ੍ਹਾਂ ਮੰਡੀ ਵਿੱਚ ਮੌਜੂਦ ਜ਼ਿਲ੍ਹਾ ਮੰਡੀ ਅਫ਼ਸਰ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਇਲਾਵਾ ਆੜ੍ਹਤੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿੱਚ ਕਿਸਾਨਾਂ ਨੂੰ ਸਾਫ਼-ਸਫਾਈ, ਪੀਣ ਵਾਲੇ ਪਾਣੀ ਤੇ ਹੋਰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਣਸ ਨੂੰ ਨਮੀ ਦੇ ਤੈਅ ਮਾਪਦੰਡਾਂ ਮੁਤਾਬਕ ਸੁਕਾ ਕੇ ਹੀ ਮੰਡੀਆਂ ਵਿੱਚ ਲਿਆਉਣ ਤਾਂ ਕਿ ਉਨ੍ਹਾਂ ਦੀ ਫ਼ਸਲ ਜਲਦੀ ਵਿਕ ਸਕੇ। ਉਨ੍ਹਾਂ ਕਿਹਾ ਕਿ ਕਿਸੇ ਨੂੰ ਮੰਡੀ ਵਿੱਚ ਫ਼ਸਲ ਸੁਕਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਲ੍ਹਾ ਮੰਡੀ ਅਫਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ’ਚ ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਬਾਥਰੂਮਾਂ ਦੀ ਸਫ਼ਾਈ, ਲਾਈਟਾਂ, ਪੱਖੇ, ਤਰਪਾਲਾਂ ਤੇ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਕਿ ਆਪਣੀ ਜਿਣਸ ਵੇਚਣ ਲਈ ਮੰਡੀਆਂ ਵਿੱਚ ਲੈਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮੰਡੀਆਂ ਵਿਚ ਕੰਮ ਕਰਦੀ ਲੇਬਰ ਨੂੰ ਵੀ ਕੋਈ ਦਿੱਕਤ ਨਾ ਆਵੇ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਰਮਨਦੀਪ ਸਿੰਘ ਤੋਂ ਇਲਾਵਾ ਮੰਡੀ ਦੇ ਆੜ੍ਹਤੀ ਵੀ ਹਾਜ਼ਰ ਸਨ।
ਘਨੌਲੀ ਭਰਤਗੜ੍ਹ ਸਣੇ ਹੋਰ ਮੰਡੀਆਂ ਦੇ ਆੜ੍ਹਤੀਆਂ ਵੱਲੋਂ ਜਥੇਬੰਦੀਆਂ ਦੀ ਹੜਤਾਲ ਦੀ ਹਮਾਇਤ
ਘਨੌਲੀ (ਪੱਤਰ ਪ੍ਰੇਰਕ): ਅਨਾਜ ਮੰਡੀ ਘਨੌਲੀ ਅਤੇ ਅਨਾਜ ਮੰਡੀ ਭਰਤਗੜ੍ਹ ਦੇ ਆੜ੍ਹਤੀਆਂ ਤੋਂ ਇਲਾਵਾ ਹੋਰ ਕਈ ਮੰਡੀਆਂ ਦੇ ਆੜ੍ਹਤੀਆਂ ਨੇ ਆਪਣੀਆਂ ਜਥੇਬੰਦੀਆਂ ਵੱਲੋਂ ਕੀਤੀ ਗਈ ਹੜਤਾਲ ਦਾ ਪੂਰਨ ਸਮਰਥਨ ਕਰਦੇ ਹੋਏ ਹੜਤਾਲ ਦੌਰਾਨ ਝੋਨੇ ਦੀ ਖਰੀਦ ਦੇ ਕੰਮਾਂ ਵਿੱਚ ਹਿੱਸਾ ਨਾ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਅਨਾਜ ਮੰਡੀ ਘਨੌਲੀ ਵਿੱਚ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਅਨਾਜ ਮੰਡੀ ਘਨੌਲੀ ਅਤੇ ਭਰਤਗੜ੍ਹ ਦੇ ਆੜ੍ਹਤੀਆਂ ਤੋਂ ਇਲਾਵਾ ਅਗੰਮਪੁਰ, ਸ੍ਰੀ ਕੀਰਤਪੁਰ ਸਾਹਿਬ, ਤਖਤਗੜ੍ਹ, ਨੰਗਲ ਅਬਿਆਣਾ, ਸੁੱਖੇਮਾਜਰਾ, ਆਨੰਦਪੁਰ ਸਾਹਿਬ ਤੇ ਨੰਗਲ ਦੇ ਆੜ੍ਹਤੀਆਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਜਿੰਨੀ ਦੇਰ ਆੜ੍ਹਤੀ ਐਸੋਸੀਏਸ਼ਨਾਂ ਵੱਲੋਂ ਹੜਤਾਲ ਜਾਰੀ ਰਹੇਗੀ, ਉਨੀ ਦੇਰ ਇਨ੍ਹਾਂ ਮੰਡੀਆਂ ਦਾ ਕੋਈ ਵੀ ਆੜ੍ਹਤੀ ਖਰੀਦ ਦੇ ਕੰਮਾਂ ਵਿੱਚ ਹਿੱਸਾ ਨਹੀਂ ਲਵੇਗਾ। ਇਸ ਮੌਕੇ ਜਗਪਾਲ ਸਿੰਘ ਰਾਵਲਮਾਜਰਾ, ਜਸਵਿੰਦਰ ਸਿੰਘ ਪੰਮਾ, ਅਜੈਬ ਸਿੰਘ, ਬਲਦੇਵ ਸਿੰਘ, ਮਦਨ ਲਾਲ ਚੱਢਾ, ਸੁਨੀਲ ਕੁਮਾਰ ਹਾਜ਼ਰ ਸਨ।