ਨਵੀਨ ਜਿੰਦਲ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਅਕਤੂਬਰ
ਕੁਰੂਸ਼ੇਤਰ ਤੋਂ ਲੋਕ ਸਭਾ ਮੈਂਬਰ ਨਵੀਨ ਜਿੰਦਲ ਨੇ ਮਿਨੀ ਸਕੱਤਰੇਤ ਦੇ ਕਾਨਫਰੰਸ ਹਾਲ ’ਚ ਈ-ਦਿਸ਼ਾ ਦੀ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਤੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਨਵੀਨ ਜਿੰਦਲ ਨੇ ਅਧਿਕਾਰੀਆਂ ਨੂੰ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਨ ਲਈ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਚੁਣਿਆ ਹੈ, ਇੱਥੇ ਵਿਕਾਸ ਕਾਰਜਾਂ ਵਿਚ ਵਧੇਰੇ ਲਾਭ ਹੋਣ ਦੀ ਉਮੀਦ ਹੈ। ਉਹ ਲਗਾਤਾਰ ਅਧਿਕਾਰੀਆਂ ਦੀਆਂ ਮੀਟਿੰਗਾਂ ਕਰਨਗੇ, ਉਹ ਨਤੀਜੇ ਚਾਹੁੰਦੇ ਹਨ ਤੇ ਅੰਕੜੇ ਨਹੀਂ। ਉਨ੍ਹਾਂ ਕਿਹਾ ਕਿ ਅਧਿਕਾਰੀ ਸਮੱਸਿਆ ਦੇ ਨਾਲ ਨਾਲ ਉਸ ਦਾ ਹੱਲ ਵੀ ਲੈ ਕੇ ਆਉਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਅਣਗਿਹਲੀ ਬਰਦਾਸ਼ਤ ਨਹੀਂ ਹੋਵੇਗੀ। ਆਮ ਲੋਕਾਂ ਦੇ ਕੰਮ ਨੂੰ ਪਹਿਲ ਦੇਣੀ ਯਕੀਨੀ ਬਣਾਈ ਜਾਏ। ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਹਰ ਘਰ ਜਲ ਹਰ ਘਰ ਜਲ ਮਿਸ਼ਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹਰ ਟੂਟੀ ਕੁਨੈਕਸ਼ਨ ’ਤੇ ਪਾਣੀ ਦੇ ਮੀਟਰ ਲਾਉਣ ਦਾ ਸੁਝਾਅ ਦਿੱਤਾ। ਜਿੰਦਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਪ੍ਰਾਜੈਕਟ ਅਧੂਰੇ ਪਏ ਹਨ ਜਾਂ ਬਜਟ ਦੀ ਘਾਟ ਹੈ ਦੱਸਿਆ ਜਾਵੇ। ਉਨ੍ਹਾਂ ਨੇ ਨੈਸ਼ਨਲ ਹਾਈ ਵੇਅ ’ਤੇ ਨਾਜਾਇਜ ਤੌਰ ’ਤੇ ਬੋਰਡ ਆਦਿ ਨਾ ਲਾਉਣ ਲਈ ਵੀ ਕਿਹਾ ਅਤੇ ਜੇ ਕਿਸੇ ਨੇ ਗੈਰ ਕਾਨੂੰਨੀ ਢੰਗ ਨਾਲ ਬੋਰਡ ਲਾਏ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਸੰਸਦ ਨੇ ਐਨਐਚਏਆਈ ਵਿਭਾਗ ਵਲੋਂ ਪਿਹੋਵਾ- ਯਮੁਨਾਨਗਰ ਰੋਡ ਨੂੰ ਚਾਰ ਮਾਰਗੀ ਕਰਨ ਲਈ ਚੱਲ ਰਹੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਵਿਧਾਇਕ ਅਸ਼ੋਕ ਅਰੋੜਾ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਵਧੀਕ ਡਿਪਟੀ ਕਮਿਸ਼ਨਰ ਸੋਨੂ ਭੱਟ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕੰਵਲਜੀਤ ਕੌਰ ਆਦਿ ਤੋਂ ਇਲਾਵਾ ਕਈ ਪ੍ਰਸ਼ਾਸਨ ਅਧਿਕਾਰੀ ਮੌਜੂਦ ਸਨ।