ਵਿਧਾਨ ਸਭਾ ਦੀ ਅਨੁਮਾਨ ਕਮੇਟੀ ਵੱਲੋਂ ਪਟਿਆਲਾ ਵਿਚਲੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਨਵੰਬਰ
ਪਟਿਆਲਾ ਸ਼ਹਿਰ ਵਿਚਲੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਨੇ ਅੱਜ ਪਟਿਆਲਾ ਦਾ ਦੌਰਾ ਕੀਤਾ। ਪੰਜ ਮੈਂਬਰੀ ਇਸ ਕਮੇਟੀ ਨੇ ਡੇਅਰੀ ਪ੍ਰਾਜੈਕਟ, ਹੈਰੀਟੇਜ ਸਟਰੀਟ ਅਤੇ ਰਾਜਿੰਦਰਾ ਝੀਲ ਸਮੇਤ ਛੋਟੀ ਅਤੇ ਵੱਡੀ ਨਦੀ ਦੇ ਕੰਮਾਂ ਦਾ ਵੀ ਮੌਕੇ ’ਤੇ ਜਾ ਕੇ ਨਿਰੀਖਣ ਕੀਤਾ। ਇਹ ਪ੍ਰਾਜੈਕਟ ਪਿਛਲੀ ਸਰਕਾਰ ਦੇ ਸਮੇਂ ਤੋਂ ਲਟਕੇ ਹੋਏ ਹਨ। ਇਨ੍ਹਾਂ ਪ੍ਰਾਜੈਕਟਾਂ ਵਿੱਚ ਹੋਈ ਦੇਰੀ ਦਾ ਨੋਟਿਸ ਲੈਂਦਿਆਂ ਕਮੇਟੀ ਮੈਂਬਰਾਂ ਨੇ ਦੇਰੀ ਲਈ ਜ਼ਿੰਮੇਵਾਰਾਂ ਖਿਲਾਫ਼ ਕਾਰਵਾਈ ਅਮਲ ’ਚ ਲਿਆਉਣ ਦੀ ਗੱਲ ਕਰਦਿਆਂ ਇਹ ਪ੍ਰਾਜੈਕਟ ਲਟਕਣ ਲਈ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਵਾਉਣ ਦੇ ਵੀ ਸੰਕੇਤ ਦਿੱਤੇ। ਚੇਅਰਮੈਨ ਬਿਲਾਸਪੁਰ ਨੇ ਕਿਹਾ ਕਿ ਅਧਿਕਾਰੀ ਇਨ੍ਹਾਂ ਪ੍ਰਾਜੈਕਟਾਂ ਸਬੰਧੀ ਸਥਾਨਕ ਵਿਧਾਇਕ ਅਜੀਤਪਾਲ ਕੋਹਲੀ ਨੂੰ ਰਿਪੋਰਟ ਦੇਣਗੇ।
ਜ਼ਿਕਰਯੋਗ ਹੈ ਕਿ ਪੰਜ ਵਿਧਾਇਕਾਂ ’ਤੇ ਆਧਾਰਤ ਇਸ ਕਮੇਟੀ ਦੇ ਅਗਵਾਈ ਕਮੇਟੀ ਦੇ ਚੇਅਰਮੈਨ ਵਜੋਂ ਵਿਧਾਇਕ ਮਨਜੀਤ ਬਿਲਾਸਪੁਰ ਕਰ ਰਹੇ ਹਨ। ਜਦਕਿ ਪਟਿਆਲਾ ਦੇ ਵਿਧਾਇਕ ਅਜੀਤਪਾਲ ਕੋਹਲੀ ਸਮੇਤ ਇੰਦਰਜੀਤ ਕੌਰ ਮਾਨ, ਨਰਿੰਦਰਪਾਲ ਸਵਨਾ ਅਤੇ ਸੁਖਵਿੰਦਰ ਕੋਟਲੀ ਇਸ ਕਮੇਟੀ ’ਚ ਮੈਂਬਰਾਂ ਵਜੋਂ ਸ਼ਾਮਲ ਹਨ। ਉਨ੍ਹਾਂ ਨੇ ਅੱਜ ਆਪਣੀ ਇਸ ਪਟਿਆਲਾ ਫੇਰੀ ਦੌਰਾਨ ਇਥੋਂ ਦੇ ਅਹਿਮ ਮੰਨੇ ਜਾਂਦੇ ਡੇਅਰੀ ਪ੍ਰਾਜੈਕਟ, ਹੈਰੀਟੇਜ ਸਟਰੀਟ ਅਤੇ ਰਾਜਿੰਦਰਾ ਝੀਲ ਸਮੇਤ ਵੱਡੀ ਅਤੇ ਛੋਟੀ ਨਦੀ ਦਾ ਦੌਰਾ ਵੀ ਕੀਤਾ।
ਇਸ ਤੋਂ ਪਹਿਲਾਂ ਮੇਜ਼ਬਾਨੀ ਕਰਦਿਆਂ ਵਿਧਾਇਕ ਅਜੀਤਪਾਲ ਕੋਹਲੀ ਨੇ ਕਮੇਟੀ ਦਾ ਸਵਾਗਤ ਕੀਤਾ ਤੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਕਮੇਟੀ ਨੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ। ਚੇਅਰਮੈਨ ਬਿਲਾਸਪੁਰ ਨੇ ਹਦਾਇਤ ਕੀਤੀ ਕਿ ਇਨ੍ਹਾਂ ਸਾਰੇ ਪ੍ਰ੍ਰਾਜੈਕਟਾਂ ਸਬੰਧੀ ਅਧਿਕਾਰੀ ਅਜੀਤਪਾਲ ਕੋਹਲੀ ਨੂੰ ਰਿਪੋਰਟ ਕਰਨਗੇ। ਚੇਅਰਮੈਨ ਨੇ ਦੱਸਿਆ ਕਿ ਕਮੇਟੀ ਨੇ ਦੋ ਸਾਲਾਂ ਦੌਰਾਨ ਇਨ੍ਹਾਂ ਪ੍ਰਾਜੈਕਟਾਂ ਦੇ ਅਨੁਮਾਨ, ਪ੍ਰਾਪਤ ਗ੍ਰਾਂਟਾਂ, ਖਰਚੇ ਅਤੇ ਬੱਚਤ ਦੇ ਵੇਰਵਿਆਂ ਦਾ ਅਧਿਐਨ ਕੀਤਾ ਹੈ ਤੇ ਰਿਪੋਰਟ ਵਿਧਾਨ ਸਭਾ ਦੇ ਸਨਮੁੱਖ ਪੇਸ਼ ਕੀਤੀ ਜਾਵੇਗੀ। ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਪੀਡੀਏ ਦੇ ਸੀਏ ਗੁਰਪ੍ਰੀਤ ਥਿੰਦ, ਏਡੀਸੀਜ਼ ਅਨੁਪ੍ਰਿਤਾ ਜੌਹਲ ਤੇ ਨਵਰੀਤ ਕੌਰ ਸੇਖੋਂ ਆਦਿ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ। ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜਸ਼ਨਦੀਪ ਕੌਰ ਗਿੱਲ ਤੇ ਐੱਸਡੀਐੱਮ ਡਾ. ਇਸਮਤ ਵਜਿੈ ਸਿੰਘ ਸਮੇਤ ਸਥਾਨਕ ਸਰਕਾਰਾਂ, ਡਰੇਨੇਜ, ਲੋਕ ਨਿਰਮਾਣ ਵਿਭਾਗ, ਪਾਵਰਕੌਮ ਅਤੇ ਪੰਚਾਇਤੀ ਰਾਜ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।