ਡੀਸੀ ਵੱਲੋਂ ਬਡਬਰ ਜਲਗਾਹ ਦੇ ਕੰਮ ਦਾ ਜਾਇਜ਼ਾ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 27 ਜੁਲਾਈ
ਜ਼ਿਲ੍ਹੇ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ ਵਿਭਿੰਨਤਾ ਤੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਲੜੀ ਤਹਿਤ ਨਿਵੇਕਲੀ ਪਹਿਲਕਦਮੀ ਕਰਦਿਆਂ ਮੈਨਮੇਡ ਜਲਗਾਹ ਬਣਾਈ ਜਾ ਰਹੀ ਹੈ ਤੇ ਇਸ ਦੇ ਕੰਮ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇ। ਇਹ ਨਿਰਦੇਸ਼ ਡੀਸੀ ਸ੍ਰੀਮਤੀ ਪੂਨਮਦੀਪ ਕੌਰ ਨੇ ਅਧਿਕਾਰੀਆਂ ਨੂੰ ਜਲਗਾਹ ਦੇ ਨਿਰਮਾਣ ਕਾਰਜ ਦੇ ਨਿਰੀਖਣ ਮੌਕੇ ਦਿੱਤੇ। ਬਡਬਰ ਬੀੜ ਵਿੱਚ ਇਹ ਜਲਗਾਹ ਕਰੀਬ 60.28 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ, ਜਿਸ ਵਿੱਚ ਮਗਨਰੇਗਾ ਵਰਕਰਾਂ ਰਾਹੀਂ 3 ਏਕੜ ’ਚ ਟੋਭੇ ਦੀ ਪੁਟਾਈ ਕੀਤੀ ਗਈ ਹੈ। ਬੀੜ ਦਾ ਕੁੱਲ ਖੇਤਰ 350 ਏਕੜ ਤੋਂ ਵੱਧ ਹੈ। ਮਗਰੋਂ ਡੀਸੀ ਵੱਲੋਂ ਬਡਬਰ ’ਚ ਪੁਰਾਣੀ ਇਮਾਰਤ ਦਾ ਜਾਇਜ਼ਾ ਲਿਆ ਗਿਆ, ਜਿੱਥੇ ਪੰਚਾਇਤ ਘਰ ਦੀ ਨਵੀਂ ਇਮਾਰਤ ਉਸਾਰੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਯੂਥ ਲਾਇਬ੍ਰੇਰੀ ਦੀ ਇਮਾਰਤ ਲਗਪਗ ਤਿਆਰ ਹੈ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਪਿੰਡ ਦੇ ਵਿਕਾਸ ਕਾਰਜ ਸਮਾਂਬੱਧ ਤਰੀਕੇ ਨਾਲ ਨੇਪਰੇ ਚੜ੍ਹਾਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ਦਾ ਦੌਰਾ
ਬਰਨਾਲਾ (ਖੇਤਰੀ ਪ੍ਰਤੀਨਿਧ): ਡੀਸੀ ਸ੍ਰੀਮਤੀ ਪੂਨਮਦੀਪ ਕੌਰ ਨੇ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੇ ਨਿਰੀਖਣ ਦੇ ਉਦੇਸ਼ ਨਾਲ ਸਿਵਲ ਹਸਪਤਾਲ ਬਰਨਾਲਾ ਦਾ ਦੌਰਾ ਕੀਤਾ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਮਰਜੈਂਸੀ ਵਾਰਡ ਦਾ ਵਿਸਤਾਰ ਕੀਤਾ ਜਾਵੇ ਅਤੇ ਇਸ ਵਿਚ ਟ੍ਰਾਮਾ ਸੈਂਟਰ (ਸੜਕ ਹਾਦਸਿਆਂ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਲਈ ਸਿਹਤ ਸੁਵਿਧਾ) ਸਥਾਪਤ ਕੀਤੀ ਜਾਵੇ । ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਬਰਨਾਲਾ ਜੇਲ੍ਹ ਤੋਂ ਆਉਣ ਵਾਲੇ ਕੈਦੀਆਂ ਜਾਂ ਹਵਾਲਾਤੀਆਂ ਲਈ ਵੀ ਵੱਖਰਾ ਵਾਰਡ ਬਣਾਇਆ ਜਾਵੇ । ਇਸੇ ਤਰ੍ਹਾਂ ਦਿਵਿਆਂਗ ਮਰੀਜ਼ਾਂ ਲਈ ਹਸਪਤਾਲ ਦੇ ਹਰ ਇੱਕ ਬਲਾਕ ਵਿਚ ਵੱਖਰੇ ਟਾਇਲਟ ਅਤੇ ਪਖਾਨੇ ਬਣਾਏ ਜਾਣ ਬਾਰੇ ਵੀ ਆਖਿਆ। ਉਨ੍ਹਾਂ ਸਿਹਤ ਵਿਭਾਗ ਦਿੱਤੀ ਗਈ ਤਜਵੀਜ਼ ਅਨੁਸਾਰ ਨਵੀਂ ਉਸਾਰੀ ਲਈ ਐਸਟੀਮੇਟ ਬਣਾ ਕੇ ਸਰਕਾਰ ਕੋਲ ਭੇਜਣ ਬਾਰੇ ਵੀ ਕਿਹਾ । ਇਸ ਮੌਕੇ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਮੌਜੂਦ ਸਨ।