ਮਾਲ ਅਫ਼ਸਰਾਂ ਦੀ ਵਿਭਾਗ ਦੇ ਸੀਨੀਅਰ ਅਧਿਕਾਰੀ ਨਾਲ ਖੜਕੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਗਸਤ
ਪੰਜਾਬ ਦੇ ਮਾਲ ਅਫ਼ਸਰਾਂ ਦੀ ਆਪਣੇ ਹੀ ਵਿਭਾਗ ਦੇ ਸੀਨੀਅਰ ਅਧਿਕਾਰੀ ਨਾਲ ਖੜਕ ਗਈ ਹੈ। ਮਾਲ ਅਫ਼ਸਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਿੰਸੀਪਲ ਸਕੱਤਰ ਰਵੀ ਭਗਤ, ਹਿਮਾਂਸ਼ੂ ਜੈਨ ਅਤੇ ਓਐੱਸਡੀ ਸੁਖਬੀਰ ਸਿੰਘ ਨੂੰ ਨਿੱਜੀ ਤੌਰ ’ਤੇ ਮਿਲ ਕੇ ਉਕਤ ਸੀਨੀਅਰ ਮਾਲ ਅਧਿਕਾਰੀ ਦੇ ਅੜੀਅਲ ਰਵੱਈਏ, ਆਪਣੀਆਂ ਮੰਗਾਂ ਅਤੇ ਹੋਰ ਆਪਹੁਦਰੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਜਲਦੀ ਸੁਣਵਾਈ ਨਾ ਹੋਈ ਤਾਂ 19 ਅਗਸਤ ਤੋਂ ਉਹ ਸੂਬਾ ਭਰ ਵਿੱਚ ਹੜਤਾਲ ਕਰਨਗੇ।
ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੁਖਚਰਨ ਸਿੰਘ ਚੰਨੀ ਅਤੇ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਕਿਹਾ ਕਿ ਉਹ ਉਕਤ ਸੀਨੀਅਰ ਮਾਲ ਅਧਿਕਾਰੀ ਦੇ ਅੜੀਅਲ ਰਵੱਈਏ ਤੋਂ ਤੰਗ ਹਨ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਘਟਾਉਣ ਲਈ ਰਿਹਾਇਸ਼ੀ ਪਲਾਟਾਂ ਆਦਿ ਦੀ ਐੱਨਓਸੀ ਤੋਂ ਨਿਜਾਤ ਦਿਵਾਉਣ ਦੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੀ ਥਾਂ ਉਲਝਣ ਵਾਲੀ ਸਥਿਤੀ ਪੈਦਾ ਕਰ ਰਿਹਾ ਹੈ। ਐਸੋਸੀਏਸ਼ਨ ਨੇ ਇਨ੍ਹਾਂ ਮੁਸ਼ਕਲਾਂ ਬਾਰੇ ਉਸ ਨੂੰ ਜਾਣੂ ਕਰਵਾਇਆ ਪਰ ਮਾਲ ਅਧਿਕਾਰੀ ਵੱਲੋਂ ਮਸਲੇ ਹੱਲ ਕਰਨ ਦੀ ਜਗ੍ਹਾ ਮਾਲ ਅਫ਼ਸਰਾਂ ’ਤੇ ਕਥਿਤ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2001 ਵਿੱਚ ਉਸ ਸਮੇਂ ਦੀ ਸਰਕਾਰ ਨੇ ਬਿਨਾਂ ਰਜਿਸਟਰਡ ਵਸੀਅਤਾਂ ਦੇ ਇੰਤਕਾਲਾਂ ਬਾਰੇ ਫ਼ੈਸਲਾ ਕਰਨ ਦੇ ਅਧਿਕਾਰ ਐੱਸਡੀਐੱੱਮ ਤੋਂ ਤਹਿਸੀਲਦਾਰਾਂ ਨੂੰ ਦਿੱਤੇ ਸਨ ਪਰ ਇਸ ਸੀਨੀਅਰ ਮਾਲ ਅਧਿਕਾਰੀ ਨੇ ਇਹ ਅਧਿਕਾਰ ਤਹਿਸੀਲਦਾਰਾਂ ਤੋਂ ਮੁੜ ਖੋਹ ਕੇ ਐੱਸਡੀਐੱਮਜ਼ ਨੂੰ ਦੇ ਦਿੱਤਾ ਹੈ।