ਸੂਬੇ ਭਰ ਦੇ ਮਾਲ ਅਫ਼ਸਰਾਂ ਵੱਲੋਂ ਹੜਤਾਲ ਸ਼ੁਰੂ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੁਲਾਈ
ਮਾਲ ਅਫ਼ਸਰਾਂ ਨੇ ਆਪਣੀਆਂ ਮੰਗਾਂ ਲਈ ਸੂਬੇ ਭਰ ’ਚ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਰੋਕੂ ਕੰਮ ਨੂੰ ਛੱਡ ਕੇ ਬਾਕੀ ਸਾਰੇ ਕੰਮਾਂ ਦਾ ਓਨਾ ਚਿਰ ਬਾਈਕਾਟ ਰਹੇਗਾ, ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ।
ਇਸ ਦੌਰਾਨ ਪੰਜਾਬ ਮਾਲ ਅਫ਼ਸਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਧੰਮ, ਉੱਪ ਪ੍ਰਧਾਨ ਵਿਜੇ ਬਹਿਲ ਤੇ ਸੀਨੀਅਰ ਆਗੂ ਸੁਖਚਰਨਜੀਤ ਸਿੰਘ ਚੰਨੀ ਨੇ ਵਿਧਾਇਕਾਂ ਦੀ ਤਹਿਸੀਲਾਂ ’ਚ ਛਾਪੇਮਾਰੀ ਤੇ ਰਿਕਾਰਡ ਨੂੰ ਘਰ ਚੁੱਕ ਕੇ ਲਿਜਾਣ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਨਾਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਹਨ ਤੇ ਇਸ ਮੁੱਦੇ ’ਤੇ ਸਰਕਾਰ ਨੂੰ ਪੂਰਾ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੀ ਆੜ ’ਚ ਕਿਸੇ ਜਾਇਜ਼ ਅਧਿਕਾਰੀ ਨਾਲ ਨਾਜਾਇਜ਼ ਨਹੀਂ ਹੋਣ ਦਿਆਂਗੇ ਤੇ ਨਾ ਹੀ ਸਿਆਸੀ ਬਦਲਾਖੋਰੀ ਦਾ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੂੰ ਸ਼ਿਕਾਰ ਹੋਣ ਦਿੱਤਾ ਜਾਵੇਗਾ। ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਸੂਬੇ ’ਚ ਬਹੁਗਿਣਤੀ ਵਿਧਾਇਕ ਆਪਣੇ ਅਧਿਕਾਰ-ਖੇਤਰ ਤੋਂ ਬਾਹਰ ਜਾ ਕੇ ਧੱਕੇਸ਼ਾਹੀ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਹੁਗਿਣਤੀ ਵਿਧਾਇਕ ਮਾਲ ਅਫ਼ਸਰਾਂ ਤੇ ਦਫ਼ਤਰੀ ਮੁਲਾਜ਼ਮਾਂ ’ਤੇ ਗਲਤ ਕੰਮਾਂ ਲਈ ਦਬਾਅ ਪਾ ਰਹੇ ਹਨ। ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਗਲਤ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਨਾਰਾਜ਼ ਹੋ ਕੇ ਉਨ੍ਹਾਂ ਵੱਲੋਂ ਜ਼ਮੀਨਾਂ ਦੀਆਂ ਰਜਿਸਟਰੀਆਂ, ਇੰਤਕਾਲ ਆਦਿ ਦਾ ਅਸਲ ਰਿਕਾਰਡ ਤਲਬ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਇਸ ਨਕਾਰਾਤਮਕ ਅਭਿਆਸ ਨੂੰ ਬੰਦ ਕਰਕੇ ਸਰਕਾਰ ਨੂੰ ਐੱਡਵਾਈਜ਼ਰੀ ਜਾਰੀ ਕਰਨੀ ਚਾਹੀਦੀ ਹੈ। ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਰੋਪੜ ਦੇ ਵਿਧਾਇਕ ਵੱਲੋਂ ਬੀਤੀ 18 ਜੁਲਾਈ ਨੂੰ ਕਥਿਤ ਤੌਰ ’ਤੇ ਆਪਣੇ ਨਿੱਜੀ ਸੁਆਰਥ ਅਤੇ ਸਿਆਸੀ ਮੁਫ਼ਾਦਾ ਤੋਂ ਪ੍ਰੇਰਿਤ ਹੜ੍ਹਾਂ ਦੇ ਸਮੇਂ ਦੌਰਾਨ ਤਹਿਸੀਲ ਦਫ਼ਤਰ ਦੀ ਅਚਨਚੇਤ ਚੈਕਿੰਗ ਬਹਾਨੇ ਤਹਿਸੀਲਦਾਰ, ਪਟਵਾਰੀ ਤੇ ਹੋਰ ਅਮਲੇ ਨੂੰ ਬੇਵਜ੍ਹਾ ਜ਼ਲੀਲ ਕਰਨ ’ਤੇ ਉਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਹੈ।