ਮਾਲੀਆ ਉਗਰਾਹੀ 30 ਹਜ਼ਾਰ ਕਰੋੜ ਤੋਂ ਪਾਰ: ਚੀਮਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਫਰਵਰੀ
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤੀ ਸਾਲ 2023-24 ਦੇ 10 ਮਹੀਨਿਆਂ ਦੌਰਾਨ ਸੂਬੇ ਦਾ ਵਸਤੂਆਂ ਤੇ ਸੇਵਾਵਾਂ ਕਰ (ਜੀਐੱਸਟੀ), ਆਬਕਾਰੀ ਅਤੇ ਵੈਟ ਤੋਂ ਪ੍ਰਾਪਤ ਮਾਲੀਆ 30 ਹਜ਼ਾਰ ਕਰੋੜ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਇਸ ਦੌਰਾਨ ਜੀਐੱਸਟੀ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ ਵਿੱਤੀ ਸਾਲ 2022-23 ਦੇ ਮੁਕਾਬਲੇ ਕ੍ਰਮਵਾਰ 15.67 ਫ਼ੀਸਦੀ ਅਤੇ 10 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਚੀਮਾ ਨੇ ਦੱਸਿਆ ਕਿ ਇਸ ਸਾਲ ਜਨਵਰੀ ਦੇ ਅੰਤ ਤੱਕ ਵੈਟ, ਸੀਐੱਸਟੀ, ਜੀਐੱਸਟੀ, ਪੀਐੱਸਡੀਟੀ ਅਤੇ ਆਬਕਾਰੀ ਤੋਂ ਕੁੱਲ 31003.14 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ਹੈ ਜਦੋਂ ਕਿ ਵਿੱਤੀ ਸਾਲ 2022-23 ਦੌਰਾਨ 27342.84 ਕਰੋੜ ਰੁਪਏ ਇਕੱਤਰ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸੂਬੇ ਵੱਲੋਂ ਇਸ ਮਾਲੀਏ ਵਿੱਚ 13.39 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਪੰਜਾਬ ਸਰਕਾਰ ਸੂਬੇ ਦੀ ਵਿੱਤੀ ਹਾਲਤ ਸੁਧਾਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੇ 10 ਮਹੀਨਿਆਂ ਵਿੱਚ ਜੀਐੱਸਟੀ ਤੋਂ 17354.26 ਕਰੋੜ ਰੁਪਏ ਸ਼ੁੱਧ ਮਾਲੀਆ ਅਤੇ ਆਬਕਾਰੀ ਤੋਂ 7370.49 ਕਰੋੜ ਰੁਪਏ ਦਾ ਸ਼ੁੱਧ ਮਾਲੀਆ ਇਕੱਤਰ ਕੀਤਾ ਗਿਆ। ਵਿੱਤੀ ਵਰ੍ਹੇ 2022-23 ਦੇ ਮੁਕਾਬਲੇ ਇਸ ਵਰ੍ਹੇ ਜੀਐੱਸਟੀ ਵਿੱਚ 2351.12 ਕਰੋੜ ਰੁਪਏ ਅਤੇ ਆਬਕਾਰੀ ਤੋਂ ਪ੍ਰਾਪਤ ਮਾਲੀਏ ਵਿੱਚ 669.47 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਸੂਬੇ ਨੇ ਵੈਟ ਵਿੱਚ 10.89 ਪ੍ਰਤੀਸ਼ਤ, ਸੀਐੱਸਟੀ ਵਿੱਚ 28.14 ਪ੍ਰਤੀਸ਼ਤ ਅਤੇ ਪੀਐੱਸਡੀਟੀ ਵਿੱਚ 5.53 ਪ੍ਰਤੀਸ਼ਤ ਵਾਧਾ ਦਰਜ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।