For the best experience, open
https://m.punjabitribuneonline.com
on your mobile browser.
Advertisement

ਮੁੜ ਵਰਤੋਂ ਯੋਗ ਰਾਕੇਟ

06:21 AM Oct 15, 2024 IST
ਮੁੜ ਵਰਤੋਂ ਯੋਗ ਰਾਕੇਟ
Advertisement

ਸਪੇਸਐਕਸ ਨੇ ਰਾਕੇਟ ਨੂੰ ਪੁਲਾੜ ਵਿੱਚ ਦਾਗ਼ੇ ਜਾਣ ਵਾਲੇ ਥੜ੍ਹੇ ਉੱਪਰ ਹੀ ਰੋਬੌਟਿਕ ਬਾਹਾਂ ਦਾ ਇਸਤੇਮਾਲ ਕਰ ਕੇ ਵਾਪਸ ਮੁੜਨ ਵਾਲੇ ਰਾਕੇਟ ਬੂਸਟਰਾਂ ਨੂੰ ਫੜਨ ਦੀ ਸਲਾਹੀਅਤ ਹਾਸਿਲ ਕਰ ਕੇ ਪੁਲਾੜ ਤਕਨਾਲੋਜੀ ਦੇ ਨਵੇਂ ਦਿਸਹੱਦਿਆਂ ਦਾ ਮੁੱਢ ਬੰਨ੍ਹ ਦਿੱਤਾ ਹੈ। ਇਹ ਮਾਅਰਕਾ ਇਸ ਕੰਪਨੀ ਦੇ ਸਟਾਰਸ਼ਿਪ ਪ੍ਰੋਗਰਾਮ ਦਾ ਹਿੱਸਾ ਹੈ ਜਿਸ ਨਾਲ ਹੰਢਣਸਾਰ ਪੁਲਾੜ ਖੋਜ ਦੇ ਆਸਾਰ ਹੋਰ ਰੌਸ਼ਨ ਹੋ ਗਏ ਹਨ। ਇਹ ਰਾਕੇਟ ਤਕਨਾਲੋਜੀ ਦੀ ਮੁੜ ਵਰਤੋਂ ਵਿੱਚ ਵੱਡੀ ਪੁਲਾਂਘ ਹੈ ਜਿਸ ਸਦਕਾ ਭਵਿੱਖ ਦੇ ਪੁਲਾੜ ਮਿਸ਼ਨਾਂ ਦੀ ਲਾਗਤਾਂ ਵਿੱਚ ਚੋਖੀ ਕਮੀ ਲਿਆਉਣ ਦਾ ਰਾਹ ਖੁੱਲ੍ਹ ਸਕਦਾ ਹੈ। ਇਹ ਪ੍ਰਾਪਤੀ ਵੱਖ-ਵੱਖ ਗ੍ਰਹਿਆਂ ਉੱਪਰ ਜੀਵਨ ਸੰਭਵ ਕਰਨ ਦੇ ਕੰਪਨੀ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਕੰਪਨੀ ਦੇ ਮੁਖੀ ਐਲੋਨ ਮਸਕ ਵੀ ਅਕਸਰ ਇਹ ਧਾਰਨਾ ਦੁਹਰਾਉਂਦੇ ਰਹਿੰਦੇ ਹਨ।
ਸਟਾਰਸ਼ਿਪ ਦੀ 400 ਫੁੱਟ ਲੰਮੀ ਫਰੇਮ ਟੈਕਸਸ ਤੋਂ ਦਾਗ਼ੀ ਗਈ ਜੋ ਮੈਕਸਿਕੋ ਖਾੜੀ ਦਾ ਚੱਕਰ ਲਾ ਕੇ ਕੁਝ ਮਿੰਟਾਂ ’ਚ ਹੀ ਵਾਪਸ ਆ ਗਈ ਜਿਸ ਨੂੰ ਸਪੇਸਐਕਸ ਦੀਆਂ ਦੋ ਵਿਰਾਟ ਬਾਹਾਂ ਨੇ ਇੰਝ ਸੰਭਾਲ ਲਿਆ ਜਿਵੇਂ ਮਾਂ ਆਪਣੀ ਬੱਚੇ ਨੂੰ ਬੋਚ ਲੈਂਦੀ ਹੈ। ਇਹ ਨਜ਼ਾਰਾ ਤੱਕ ਕੇ ਦਰਸ਼ਕਾਂ ਨੇ ਦੰਦਾਂ ਥੱਲੇ ਉਂਗਲਾਂ ਲੈ ਲਈਆਂ। ਇਹ ਅਜਿਹਾ ਕਰਤੱਬ ਸੀ ਜਿਸ ’ਚੋਂ ਐਸੀ ਨਵੀਨਤਾ ਦੀ ਝਲਕ ਪੈਂਦੀ ਸੀ ਜੋ ਰਾਕੇਟ ਵਿਗਿਆਨ ਦੀਆਂ ਹੱਦਾਂ ਤੋਂ ਪਾਰ ਜਾਂਦੀ ਹੈ ਜਿਸ ਵਿੱਚ ਉੱਚ ਦਰਜੇ ਦੀ ਆਟੋਮੇਸ਼ਨ, ਸਟੀਕ ਕੰਟਰੋਲ ਅਤੇ ਸੰਰਚਨਾਤਮਕ ਲਚਕਤਾ ਨੂੰ ਇਕਸੁਰ ਕਰ ਕੇ ਅਤਿ ਆਧੁਨਿਕ ਮਕੈਨਿਕਸ ਵਿੱਚ ਪਰੋਇਆ ਗਿਆ ਹੈ। ਇਹ ਮਹਿਜ਼ ਤਕਨੀਕੀ ਨਜ਼ਾਰੇ ਦਾ ਮਾਅਰਕਾ ਨਹੀਂ ਹੈ ਸਗੋਂ ਇਸ ਵਿੱਚ ਆਲਮੀ ਪੁਲਾੜ ਖੋਜ ਰਣਨੀਤੀਆਂ ਨੂੰ ਨਵੀਂ ਨੁਹਾਰ ਦੇਣ ਦੀ ਸਮੱਰਥਾ ਨਜ਼ਰ ਆਉਂਦੀ ਹੈ। ਮੁੜ ਵਰਤੋਂ ਵਿੱਚ ਆਉਣ ਵਾਲੇ ਰਾਕੇਟਾਂ ਨਾਲ ਇਸਰੋ ਜਿਹੀਆਂ ਏਜੰਸੀਆਂ ਨੂੰ ਖਰਚੇ ਘਟਾਉਣ ਅਤੇ ਮਿਸ਼ਨਾਂ ਦੀ ਲਗਾਤਾਰਤਾ ਵਧਾਉਣ, ਚੰਦਰਯਾਨ ਅਤੇ ਮੰਗਲਯਾਨ ਜਿਹੇ ਵੱਡ ਆਕਾਰੀ ਪ੍ਰੋਗਰਾਮਾਂ ਨੂੰ ਸਹਾਇਤਾ ਦੇਣ ਦਾ ਆਧਾਰ ਮਿਲ ਸਕਦਾ ਹੈ। ਇਸ ਤੋਂ ਇਲਾਵਾ ਮੁੜ ਵਰਤੋਂ ਯੋਗ ਤਕਨਾਲੋਜੀ ਵਾਤਾਵਰਨ ਪੱਖੀ ਪਹੁੰਚ ਹੈ ਕਿਉਂਕਿ ਇਸ ਨਾਲ ਪਦਾਰਥਕ ਬਰਬਾਦੀ ਅਤੇ ਪੁਲਾੜ ਵਿੱਚ ਕਚਰੇ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ ਤਾਂ ਕਿ ਵਾਤਾਵਰਨ ਉੱਪਰ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਦੇ ਕੌਮਾਂਤਰੀ ਯਤਨਾਂ ਨਾਲ ਇਕਸੁਰਤਾ ਪੈਦਾ ਹੋ ਸਕੇ।
ਆਲਮੀ ਭਿਆਲੀ ਨਾਲ ਇਸ ਤਕਨਾਲੋਜੀ ਦੀ ਪਹੁੰਚ ਦਾ ਦਾਇਰਾ ਵਸੀਹ ਹੋ ਸਕਦਾ ਹੈ ਜਿਸ ਸਦਕਾ ਨਾਸਾ, ਈਸਾ ਅਤੇ ਇਸਰੋ ਜਿਹੀਆਂ ਪੁਲਾੜ ਏਜੰਸੀਆਂ ਨੂੰ ਸਾਂਝੇ ਮਿਸ਼ਨਾਂ ਅਤੇ ਨਵੀਨਤਮ ਮਨੁੱਖੀ ਸਪੇਸਫਲਾਈਟ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਮੌਕਾ ਮਿਲ ਸਕਦਾ ਹੈ। ਇਸ ਤਕਨਾਲੋਜੀ ਨਾਲ ਭਵਿੱਖੀ ਭਿਆਲੀਆਂ ਦਾ ਲਾਹੇਵੰਦ ਖ਼ਾਕਾ ਤਿਆਰ ਕਰਨਾ ਦਾ ਮੌਕਾ ਮਿਲੇਗਾ ਜਿਸ ਨਾਲ ਪੁਲਾੜ ਏਜੰਸੀਆਂ, ਸਾਇੰਸਦਾਨਾਂ ਅਤੇ ਸਟੈੱਮ ਪ੍ਰੋਫੈਸ਼ਨਲਾਂ ਦੀ ਅਗਲੀ ਪੀੜ੍ਹੀ ਨੂੰ ਫ਼ਾਇਦਾ ਹੋਵੇਗਾ। ਕੋਈ ਸਮਾਂ ਸੀ ਜਦੋਂ ਸਾਇੰਸੀ ਕਿੱਸੇ ਕਹਾਣੀਆਂ ਵਿੱਚ ਹੀ ਮੁੜ ਵਰਤੋਂ ਯੋਗ ਰਾਕੇਟ ਦਾ ਜਿ਼ਕਰ ਸੁਣਨ ਨੂੰ ਮਿਲਦਾ ਸੀ ਪਰ ਹੁਣ ਇਹ ਅੱਜ ਦੀ ਹਕੀਕਤ ਬਣ ਗਏ ਹਨ।

Advertisement

Advertisement
Advertisement
Author Image

joginder kumar

View all posts

Advertisement