For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਡਿਗਰੀ ਕਾਲਜਾਂ ’ਚ ਚਹਿਲ-ਪਹਿਲ ਪਰਤੀ

06:37 AM Aug 17, 2024 IST
ਪੰਜਾਬ ਦੇ ਡਿਗਰੀ ਕਾਲਜਾਂ ’ਚ ਚਹਿਲ ਪਹਿਲ ਪਰਤੀ
Advertisement

ਦਾਚਰਨਜੀਤ ਭੁੱਲਰ
ਚੰਡੀਗੜ੍ਹ, 16 ਅਗਸਤ
ਪੰਜਾਬ ਲਈ ਇਹ ਨਵੀਂ ਖੁਸ਼ਖ਼ਬਰ ਹੈ ਕਿ ਵਰ੍ਹਿਆਂ ਮਗਰੋਂ ਡਿਗਰੀ ਕਾਲਜਾਂ ਵਿੱਚ ਚਹਿਲ-ਪਹਿਲ ਬਣੀ ਹੈ। ਜਦ ਤੋਂ ਸਟੱਡੀ ਵੀਜ਼ੇ ਮਿਲਣੇ ਘਟੇ ਹਨ ਅਤੇ ਵਿਦੇਸ਼ੀ ਮੁਲਕਾਂ ਨੇ ਬੂਹੇ ਭੇੜਣੇ ਸ਼ੁਰੂ ਕੀਤੇ ਹਨ, ਉਦੋਂ ਤੋਂ ਪੰਜਾਬ ਦੇ ਡਿਗਰੀ ਕਾਲਜਾਂ ’ਚ ਸਾਹ ਪਏ ਹਨ। ਕੈਨੇਡਾ ਅਤੇ ਆਸਟਰੇਲੀਆ ਨੇ ਸਟੱਡੀ ਵੀਜ਼ਾ ਨਿਯਮਾਂ ’ਚ ਸਖ਼ਤੀ ਕੀਤੀ ਹੈ। ਵਿਦੇਸ਼ ਦੀ ਖੱਜਲ-ਖੁਆਰੀ ਨੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਸ਼ੀਸ਼ਾ ਦਿਖਾਇਆ ਹੈ। ਪ੍ਰਾਈਵੇਟ ਕਾਲਜਾਂ ਦੇ ਪ੍ਰਬੰਧਕਾਂ ਨੂੰ ਠੁੰਮ੍ਹਣਾ ਮਿਲਿਆ ਹੈ।
ਪੰਜਾਬ ਵਿੱਚ ਇਸ ਵੇਲੇ 421 ਡਿਗਰੀ ਕਾਲਜ ਹਨ, ਜਿਨ੍ਹਾਂ ਵਿੱਚ 113 ਏਡਿਡ ਤੇ 129 ਪ੍ਰਾਈਵੇਟ ਕਾਲਜ ਹਨ। ਪੰਜਾਬੀ ’ਵਰਸਿਟੀ ਦੇ ਕਾਲਜਾਂ ਵਿੱਚ ਦਾਖ਼ਲਿਆਂ ਦੀ ਅੱਜ ਅੰਤਿਮ ਤਰੀਕ ਸੀ, ਜਿਸ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਵਰ੍ਹਾ 2024-25 ਦੇ ਅੰਡਰ ਗਰੈਜੂਏਸ਼ਨ ਦਾਖ਼ਲਿਆਂ ਲਈ ਕੁੱਲ 1.42 ਲੱਖ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ 1.31 ਲੱਖ ਦਾਖਲਾ ਫਾਰਮ ਪ੍ਰਾਪਤ ਹੋਏ।
ਪਿੰਡ ਬਾਦਲ ਦੇ ਦਸਮੇਸ਼ ਗਰਲਜ਼ ਕਾਲਜ ’ਚ ਐਤਕੀਂ ਬੀਏ ਭਾਗ ਪਹਿਲਾ ਵਿੱਚ 225 ਦਾਖ਼ਲੇ ਹੋਏ ਹਨ ਜੋ ਕਿ ਪਿਛਲੇ ਵਰ੍ਹੇ 175 ਦੇ ਕਰੀਬ ਸਨ। ਕਾਲਜ ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਆਖਦੇ ਹਨ ਕਿ ਕਾਲਜ ਵਿੱਚ ਸਮੁੱਚੇ ਦਾਖ਼ਲੇ ਪਿਛਲੇ ਸਾਲ ਨਾਲੋਂ ਸੌ ਦੇ ਕਰੀਬ ਵਧੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ’ਚ ਚੇਤਨਤਾ ਵਧੀ ਹੈ ਅਤੇ ਵਿਦਿਆਰਥੀ ਵਿਦੇਸ਼ ਦੀ ਥਾਂ ਇੱਥੇ ਆਪਣਾ ਭਵਿੱਖ ਦੇਖਣ ਲੱਗੇ ਹਨ। ਜਾਣਕਾਰੀ ਅਨੁਸਾਰ ਪੰਜਾਬ ਵਿੱਚ 59 ਸਰਕਾਰੀ ਕਾਲਜ ਹਨ।
ਸਰਕਾਰੀ ਕਾਲਜ ਜ਼ੀਰਾ ਵਿੱਚ ਪਿਛਲੇ ਵਰ੍ਹੇ ਬੀਏ ਭਾਗ ਪਹਿਲਾ ’ਚ 222 ਵਿਦਿਆਰਥੀ ਦਾਖਲ ਹੋਏ ਸਨ, ਜਦੋਂ ਕਿ ਐਤਕੀਂ 320 ਸੀਟਾਂ ਭਰ ਚੁੱਕੀਆਂ ਹਨ ਅਤੇ ਕਾਲਜ ਨੇ 80 ਸੀਟਾਂ ਹੋਰ ਮੰਗੀਆਂ ਹਨ। ਕਾਲਜ ਦੇ ਇੱਕ ਸਟਾਫ ਮੈਂਬਰ ਨੇ ਦੱਸਿਆ ਕਿ ਇਸ ਵਾਰ ਦਾਖ਼ਲਿਆਂ ਵਾਸਤੇ ਵਿਧਾਇਕਾਂ ਤੇ ਵਜ਼ੀਰਾਂ ਦੇ ਫੋਨ ਆ ਰਹੇ ਹਨ। ਦੂਜਾ ਪਾਸਾ ਇਹ ਹੈ ਕਿ ਇਸ ਕਾਲਜ ਵਿਚ ਕੋਈ ਰੈਗੂਲਰ ਅਧਿਆਪਕ ਹੀ ਨਹੀਂ ਹੈ, ਸਿਰਫ਼ ਗੈਸਟ ਫੈਕਲਟੀ ਸਟਾਫ ਹੀ ਹੈ।
ਸਭ ਤੋਂ ਵੱਡੀ ਮਾਰ ਪਹਿਲਾਂ ਲੁਧਿਆਣਾ, ਹੁਸ਼ਿਆਰਪੁਰ ਅਤੇ ਜਲੰਧਰ ਦੇ ਕਾਲਜਾਂ ਨੂੰ ਪੈਂਦੀ ਰਹੀ ਹੈ ਜਿੱਥੇ ਵਿਦਿਆਰਥੀਆਂ ਦਾ ਡਰਾਪ ਆਊਟ ਦਰ 25 ਫ਼ੀਸਦੀ ਤੱਕ ਚਲੀ ਜਾਂਦੀ ਸੀ। ਹੁਣ ਪੇਂਡੂ ਵਿਦਿਆਰਥੀ ਕਾਲਜਾਂ ’ਚ ਵਧੇਰੇ ਆ ਰਹੇ ਹਨ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੀ ਪ੍ਰਿੰਸੀਪਲ ਡਾ. ਜੋਤਸਨਾ ਨੇ ਦੱਸਿਆ ਕਿ ਇਸ ਵਾਰ ਦਾਖ਼ਲਿਆਂ ਲਈ ਮੈਰਿਟ ਜਨਰਲ ਵਰਗ ਲਈ 80 ਫ਼ੀਸਦੀ ਤੱਕ ਚਲੀ ਗਈ ਹੈ ਅਤੇ ਹੁਣ ਤੱਕ ਬੀਏ ਭਾਗ ਪਹਿਲਾ ਵਿਚ 850 ਦਾਖ਼ਲੇ ਹੋ ਚੁੱਕੇ ਹਨ। ਬਹੁਤੇ ਸਰਕਾਰੀ ਕਾਲਜ ਸਟਾਫ ਦੀ ਕਮੀ ਕਰਕੇ ਵੱਧ ਦਾਖ਼ਲੇ ਕਰਨ ਤੋਂ ਗੁਰੇਜ਼ ਵੀ ਕਰ ਰਹੇ ਹਨ। ਨਿਆਲ ਪਾਤੜਾਂ ਦੇ ਸਰਕਾਰੀ ਕਾਲਜ ਵਿੱਚ ਬੀਏ ਭਾਗ ਪਹਿਲਾ ’ਚ 350 ਦੇ ਕਰੀਬ ਦਾਖ਼ਲੇ ਹੋ ਚੁੱਕੇ ਹਨ। ਦਾਖਲਾ ਕੋਆਰਡੀਨੇਟਰ ਡਾ. ਗੁਰਜੀਤ ਸਿੰਘ ਮਾਹੀ ਦਾ ਕਹਿਣਾ ਸੀ ਕਿ ਨਵੀਂ ਦਾਖਲਾ ਨੀਤੀ ਨੇ ਐਤਕੀਂ ਜ਼ਰੂਰ ਵਿਦਿਆਰਥੀਆਂ ’ਚ ਤੌਖਲੇ ਖੜ੍ਹੇ ਕੀਤੇ ਹਨ ਪਰ ਉਂਜ ਰੁਝਾਨ ਮੋੜਾ ਦੇਣ ਵਾਲਾ ਹੈ।
ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ’ਚ ਬੀਏ ਭਾਗ ਪਹਿਲਾ ਵਿੱਚ ਹੁਣ ਤੱਕ ਇੱਕ ਹਜ਼ਾਰ ਦਾਖਲਾ ਹੋ ਚੁੱਕਿਆ ਹੈ। ਕਾਲਜ ਪ੍ਰਬੰਧਕ ਆਖਦੇ ਹਨ ਕਿ ਦਾਖ਼ਲੇ ਹਾਲੇ ਅਗਸਤ ਦੇ ਅਖੀਰ ਤੱਕ ਚੱਲਣੇ ਹਨ। ਪੰਜਾਬ ਯੂਨੀਵਰਸਿਟੀ ਦੇ ਸਾਬਕਾ ਸੈਨੇਟਰ ਅਤੇ ਖ਼ਾਲਸਾ ਕਾਲਜ ਆਫ ਐਜੂਕੇਸ਼ਨ ਮੁਕਤਸਰ ਦੇ ਪ੍ਰਿੰਸੀਪਲ ਡਾ. ਤਰਲੋਕ ਬੰਧੂ ਆਖਦੇ ਹਨ ਕਿ ਵਿਦੇਸ਼ਾਂ ’ਚ ਹੋ ਰਹੀ ਖੱਜਲ-ਖੁਆਰੀ ਨੇ ਪੰਜਾਬੀ ਨੌਜਵਾਨਾਂ ਦਾ ਮੂੰਹ ਮੋੜਿਆ ਹੈ। ਵਿਦੇਸ਼ ’ਚ ਰੁਜ਼ਗਾਰ ਦੇ ਵਸੀਲੇ ਘਟੇ ਹਨ ਅਤੇ ਵਿਦਿਆਰਥੀਆਂ ਦੀ ਲੁੱਟ ਵਧੀ ਹੈ। ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਦੀ ਪ੍ਰਿੰਸੀਪਲ ਰੇਣੂ ਨੇ ਐਤਕੀਂ ਡਿਗਰੀ ਕਾਲਜਾਂ ’ਚ ਦਾਖ਼ਲਿਆਂ ਦੇ ਰੁਝਾਨ ਨੂੰ ਉਸਾਰੂ ਪਹਿਲ ਦੱਸਿਆ ਹੈ ਅਤੇ ਇਸ ਤਰ੍ਹਾਂ ਜਸਦੇਵ ਸਿੰਘ ਸੰਧੂ ਡਿਗਰੀ ਕਾਲਜ ਕੌਲੀ ਦੀ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਦਾਖ਼ਲੇ ਵਧਣ ਲੱਗੇ ਹਨ ਅਤੇ ਵਿਦਿਆਰਥੀ ਹੁਣ ਗੈਪ ਪੈਣ ਦੇ ਡਰੋਂ ਵੀ ਦਾਖ਼ਲੇ ਲੈ ਰਹੇ ਹਨ। ਦੂਸਰੇ ਪਾਸੇ ਸਰਕਾਰੀ ਕਾਲਜ ਤਲਵਾੜਾ ਵਿੱਚ ਰੁਝਾਨ ਉਲਟਾ ਹੈ ਜਿੱਥੇ ਬੀਏ ਭਾਗ ਪਹਿਲਾ ਵਿਚ ਦਾਖ਼ਲੇ ਪੰਜਾਹ ਫ਼ੀਸਦੀ ਘਟੇ ਹਨ। ਕਾਲਜ ਪ੍ਰਿੰਸੀਪਲ ਗੁਰਮੀਤ ਸਿੰਘ ਦਲੀਲ ਦਿੰਦੇ ਹਨ ਕਿ ਨਵੀਂ ਸਿੱਖਿਆ ਨੀਤੀ ਦਾ ਇਹ ਨਾਂਹ-ਪੱਖੀ ਅਸਰ ਪਿਆ ਹੈ।
ਭੀਖੀ (ਮਾਨਸਾ) ਦੇ ਨੈਸ਼ਨਲ ਕਾਲਜ (ਪ੍ਰਾਈਵੇਟ) ਵਿਚ ਕਰੀਬ ਇੱਕ ਸੌ ਦਾਖ਼ਲੇ ਵਧੇ ਹਨ। ਦਾਖਲਾ ਸੈੱਲ ਦੀ ਇੰਚਾਰਜ ਕਰਮਜੀਤ ਕੌਰ ਨੇ ਦੱਸਿਆ ਕਿ ਕਾਫ਼ੀ ਵਿਦਿਆਰਥੀ ਗੈਪ ਵਾਲੇ ਆਏ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਡਿਗਰੀ ਕਾਲਜਾਂ ਵਿਚ ਹੁਣ ਤੱਕ ਇੱਕ ਲੱਖ ਦੇ ਕਰੀਬ ਦਾਖ਼ਲੇ ਹੋ ਚੁੱਕੇ ਹਨ ਜੋ ਕਿ ਪਿਛਲੇ ਵਰ੍ਹੇ 1.15 ਲੱਖ ਸਨ। ਸਾਲ 2021-22 ਵਿਚ ਇਹ ਦਾਖ਼ਲੇ 26,905 ਸਨ ਅਤੇ ਸਾਲ 2022-23 ਵਿਚ ਇਹ ਦਾਖ਼ਲੇ 28609 ਸਨ।

Advertisement

ਆਪਣੇ ਕਾਲਜਾਂ ਪ੍ਰਤੀ ਮੋਹ ਜਾਗਿਆ: ਹਰਜੋਤ ਬੈਂਸ

ਉਚੇਰੀ ਸਿੱਖਿਆ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਆਖਦੇ ਹਨ ਕਿ ਦੋ ਵਰ੍ਹਿਆਂ ਵਿਚ ਪੰਜਾਬ ਦੇ ਵਿਦਿਆਰਥੀਆਂ ਦੀ ਤਰਜੀਹ ਬਦਲੀ ਹੈ ਤੇ ਉਨ੍ਹਾਂ ਨੇ ਵਿਦੇਸ਼ ਪੜ੍ਹਾਈ ਦੀ ਥਾਂ ਸਥਾਨਕ ਕਾਲਜਾਂ ਨੂੰ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸਟੱਡੀ ਵੀਜ਼ੇ ਦੇ ਰੁਝਾਨ ਨੂੰ ਠੱਲ੍ਹ ਪਈ ਹੈ। ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਲਈ ਬਿਹਤਰ ਕਦਮ ਉਠਾਏ ਹਨ ਜਿਸ ਕਰਕੇ ਵਿਦਿਆਰਥੀਆਂ ਨੂੰ ਆਪਣੇ ਕਾਲਜਾਂ ਪ੍ਰਤੀ ਮੋਹ ਜਾਗਿਆ ਹੈ।

Advertisement

Advertisement
Author Image

sukhwinder singh

View all posts

Advertisement