ਨਾਇਬ ਸੈਣੀ ਦੀ ਵਾਪਸੀ
ਭਾਰਤੀ ਜਨਤਾ ਪਾਰਟੀ ਨੂੰ ਪੂਰਾ ਹੱਕ ਹੈ ਕਿ ਉਹ ਹਰਿਆਣਾ ਵਿੱਚ ਮਿਲੇ ਤੀਜੇ ਕਾਰਜਕਾਲ ਦੇ ਫ਼ੈਸਲਾਕੁਨ ਲੋਕ ਫ਼ਤਵੇ ਨੂੰ ਆਪਣੇ ਪ੍ਰਸ਼ਾਸਕੀ ਮਾਡਲ ਦੇ ਪੱਖ ਵਿੱਚ ਪਈ ਵੋਟ ਵਜੋਂ ਦੇਖੇ; ਉਂਝ, ਨਾਇਬ ਸੈਣੀ ਨੂੰ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਪਏਗਾ ਕਿ ਅਤਿ-ਵਿਸ਼ਵਾਸ ਦਾ ਇਹ ਪ੍ਰਵਾਹ ਕਿਤੇ ਉਨ੍ਹਾਂ ਦੀ ਸਰਕਾਰ ਦੀ ਕਾਰਜਪ੍ਰਣਾਲੀ ਉੱਤੇ ਭਾਰੂ ਨਾ ਪੈ ਜਾਵੇ। ਕਾਂਗਰਸ ਵੱਲੋਂ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਅਪਣਾਈ ਗਈ ਇਸੇ ਤਰ੍ਹਾਂ ਦੀ ਪਹੁੰਚ ਦੇ ਨਤੀਜੇ ਅਜੇ ਵੀ ਯਾਦਾਂ ’ਚ ਤਾਜ਼ਾ ਹਨ। ਚੁਣਾਵੀ ਸਿਆਸਤ ਦੇ ਸਮੀਕਰਨ ਇਸ ਤਰ੍ਹਾਂ ਦੇ ਹਨ ਕਿ ਸੀਟਾਂ ਦੀ ਗਿਣਤੀ ਅਕਸਰ ਧੀਮੇ ਸੁਰਾਂ ਜਾਂ ਸੰਕੇਤਾਂ ਨੂੰ ਲੁਕੋ ਲੈਂਦੀ ਹੈ। ਭਾਰਤੀ ਜਨਤਾ ਪਾਰਟੀ ਵਰਗੀ ਪਾਰਟੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਬਾਰੀਕੀਆਂ ਦਾ ਹਰ ਪੱਖੋਂ ਮੁਲਾਂਕਣ ਕਰੇ। ਨਾਇਬ ਸੈਣੀ ਦੀ ਅਗਵਾਈ ਵਿੱਚ ਪਾਰਟੀ ਨੇ ਹਰ ਔਕੜ ਪਾਰ ਕਰ ਕੇ ਜਿੱਤ ਹਾਸਿਲ ਕੀਤੀ ਹੈ ਪਰ ਇਸ ਨੇ ਨਾਲ ਹੀ ਇਹ ਪਛਾਣ ਕੇ ਵੀ ਚੰਗਾ ਕੰਮ ਕੀਤਾ ਹੈ ਕਿ ਚੋਣਾਂ ਤੋਂ ਪਹਿਲਾਂ ਕੇਵਲ ਸੱਤਾ ਵਿਰੋਧੀ ਲਹਿਰ ਨੂੰ ਬਦਲਾਓ ਦਾ ਸੂਚਕ ਨਹੀਂ ਸਮਝਿਆ ਜਾ ਸਕਦਾ।
ਨਾਇਬ ਸੈਣੀ ਵੱਲੋਂ ਮੁੱਖ ਮੰਤਰੀ ਵਜੋਂ ਦੂਜੇ ਕਾਰਜਕਾਲ ਦੀ ਸਹੁੰ ਚੁੱਕਣ ਤੋਂ ਬਾਅਦ ਸਰਕਾਰ ਦਾ ਮੁੱਢਲਾ ਮੰਤਵ ਵਾਅਦਿਆਂ ਤੇ ਇਨ੍ਹਾਂ ਦੀ ਪੂਰਤੀ ਵਿਚਲੇ ਖੱਪੇ ਦੀ ਧਾਰਨਾ ਨਾਲ ਨਜਿੱਠਣਾ ਹੋਣਾ ਚਾਹੀਦਾ ਹੈ। ਸੈਣੀ ਨੂੰ ਜਦੋਂ ਮਾਰਚ ਵਿੱਚ ਉਨ੍ਹਾਂ ਦੇ ਉਸਤਾਦ ਮਨੋਹਰ ਲਾਲ ਖੱਟਰ ਦੀ ਥਾਂ ਚੁਣਿਆ ਗਿਆ ਸੀ ਤਾਂ ਸਾਰਿਆਂ ਨੂੰ ਇਹ ਕਾਫ਼ੀ ਅਜੀਬ ਜਾਪਿਆ ਸੀ। ਹੁਣ ਵਿਧਾਨ ਸਭਾ ਚੋਣਾਂ ਵਿੱਚ ਬੇਮਿਸਾਲ ਜਿੱਤ ਨੇ ਸੈਣੀ ਦਾ ਕੱਦ ਵਧਾ ਦਿੱਤਾ ਹੈ, ਉਹ ਵੀ ਉਦੋਂ ਜਦੋਂ ਬਹੁਤੇ ਉਨ੍ਹਾਂ ਨੂੰ ਬਾਹਰੋਂ ਵੀ ਇੱਕ ਮੌਕਾ ਦੇਣ ਦੇ ਹੱਕ ਵਿੱਚ ਨਹੀਂ ਸਨ। ਪਾਰਟੀ ਦੀ ਕੇਂਦਰੀ ਲੀਡਰਸ਼ਿਪ ਭਾਵੇਂ ਅਜੇ ਵੀ ਅਹਿਮ ਮਾਮਲਿਆਂ ’ਤੇ ਆਖ਼ਿਰੀ ਫ਼ੈਸਲੇ ਕਰੇਗੀ ਪਰ ਸੈਣੀ ਨੂੰ ਆਖ਼ਿਰਕਾਰ ਹੁਣ ਮਨੋਹਰ ਲਾਲ ਖੱਟਰ ਦੇ ਪਰਛਾਵੇਂ ਵਿੱਚੋਂ ਨਿਕਲ ਕੇ ਨਵਾਂ ਰਾਹ ਤਿਆਰ ਕਰਨ ਦਾ ਮੌਕਾ ਮਿਲ ਗਿਆ ਹੈ। ਸੈਣੀ ਦੀ ਕੈਬਨਿਟ ਵਿੱਚ ਜਾਤੀ ਅਤੇ ਖੇਤਰੀ ਤਰਜੀਹਾਂ ਦਾ ਸੰਤੁਲਨ ਬਣਾਇਆ ਗਿਆ ਹੈ ਜਿਸ ਵਿੱਚ ਪਹਿਲੀ ਵਾਰ ਬਣੇ ਵਿਧਾਇਕ ਵੀ ਸ਼ਾਮਿਲ ਹਨ। ਸੈਣੀ ਦੇ ਸਿਰ ਹੁਣ ਪਾਰਟੀ ਵਿਚਲੇ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਚੱਲਣ ਅਤੇ ਜੂਨੀਅਰ ਆਗੂਆਂ ਨੂੰ ਸੇਧ ਦੇਣ ਦੀ ਜ਼ਿੰਮੇਵਾਰੀ ਹੈ।
ਵੋਟਾਂ ਵਿੱਚ ਕਈ ਪੁਰਾਣੇ ਖੁੰਢਾਂ ਨੂੰ ਹਰਾ ਕੇ ਹਰਿਆਣਾ ਨੇ ਸਪੱਸ਼ਟ ਸੁਨੇਹਾ ਦਿੱਤਾ ਹੈ। ਨਾਇਬ ਸੈਣੀ ਦਾ ਸਵਾਗਤ ਹੈ ਪਰ ਧਿਆਨ ਰੱਖਣਾ ਪਵੇਗਾ ਕਿ ਰਾਜ ਵਿੱਚ ਸ਼ਿਕਾਇਤਾਂ ਦੀ ਸੂਚੀ ਲੰਮੀ ਹੈ ਅਤੇ ਲੋਕਾਂ ਦਾ ਫ਼ਤਵਾ ਚੰਗੇ ਸ਼ਾਸਨ ਲਈ ਹੈ ਨਾ ਕਿ ਇਸ ਸੂਚੀ ਨੂੰ ਹੋਰ ਲੰਮਾ ਕਰਨ ਲਈ। ਇਸ ਲਈ ਮੁੱਖ ਮੰਤਰੀ ਨੂੰ ਲੋਕਾਂ ਦੇ ਬੁਨਿਆਦੀ ਮਸਲਿਆਂ ਦਾ ਧਿਆਨ ਰੱਖਣਾ ਪਵੇਗਾ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਔਕੜਾਂ ਦੇ ਹੱਲ ਲਈ ਵਿਉਂਤਬੰਦੀ ਕਰਨੀ ਪਵੇਗੀ।