ਗੈਰਕਾਨੂੰਨੀ ਪਰਵਾਸੀਆਂ ਦੀ ਵਾਪਸੀ
ਅਮਰੀਕਾ ਤੋਂ ਗੈਰਕਾਨੂੰਨੀ ਪਰਵਾਸੀ ਭਾਰਤੀਆਂ ਦਾ ਪਹਿਲਾ ਜਥਾ ਅੱਜ ਵਾਪਸ ਆ ਗਿਆ ਹੈ। ਹਾਲਾਂਕਿ ਕੱਲ੍ਹ ਇਹ ਰਿਪੋਰਟ ਆਈ ਸੀ ਕਿ 205 ਪਰਵਾਸੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਪਰ ਬੁੱਧਵਾਰ ਨੂੰ ਬਾਅਦ ਦੁਪਹਿਰ ਜਦੋਂ ਅਮਰੀਕੀ ਫ਼ੌਜ ਦਾ ਗਲੋਬਮਾਸਟਰ ਹਵਾਈ ਜਹਾਜ਼ ਸੀ-17 ਅੰਮ੍ਰਿਤਸਰ ਦੇ ਰਾਜਾ ਸਾਂਸੀ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ ਤਾਂ ਇਸ ਵਿੱਚ 104 ਗੈਰਕਾਨੂੰਨੀ ਪਰਵਾਸੀ ਸਵਾਰ ਸਨ। ਇਨ੍ਹਾਂ ’ਚੋਂ 30 ਪਰਵਾਸੀ ਪੰਜਾਬ ਦੇ ਹਨ ਜਦਕਿ 33 ਗੁਜਰਾਤ, 35 ਹਰਿਆਣਾ ਜਦਕਿ 3-3 ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਕਈ ਪਰਵਾਸੀਆਂ ਦੇ ਪਰਿਵਾਰਕ ਜੀਆਂ ਮੁਤਾਬਕ ਉਨ੍ਹਾਂ ਦਾ 40 ਤੋਂ 50 ਲੱਖ ਰੁਪਏ ਖਰਚ ਆਇਆ ਸੀ ਅਤੇ ਇਨ੍ਹਾਂ ’ਚੋਂ ਕਈ ਪਰਵਾਸੀਆਂ ਨੂੰ ਉੱਥੇ ਪਹੁੰਚਿਆਂ ਕੋਈ ਬਹੁਤਾ ਸਮਾਂ ਵੀ ਨਹੀਂ ਹੋਇਆ ਸੀ। ਇਸ ਲਿਹਾਜ਼ ਤੋਂ ਇਨ੍ਹਾਂ ਪਰਿਵਾਰਾਂ ਲਈ ਇਹ ਬਹੁਤ ਹੀ ਸੰਕਟ ਵਾਲੀ ਸਥਿਤੀ ਹੈ। ਕੇਂਦਰ ਸਰਕਾਰ ਨੇ ਇਸ ਮਾਮਲੇ ’ਤੇ ਸਿਰਫ਼ ਐਨਾ ਹੀ ਆਖਿਆ ਹੈ ਕਿ ਉਹ ਗ਼ੈਰਕਾਨੂੰਨੀ ਪਰਵਾਸ ਦੇ ਹੱਕ ਵਿਚ ਨਹੀਂ ਹੈ ਅਤੇ ਇਸ ਮਾਮਲੇ ਵਿਚ ਅਮਰੀਕਾ ਸਰਕਾਰ ਨਾਲ ਪੂਰਾ ਸਹਿਯੋਗ ਕਰੇਗੀ।
ਕੱਲ੍ਹ ਪੰਜਾਬ ਦੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐਸ ਜੈਸ਼ੰਕਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਕੁਝ ਦਿਨਾਂ ਵਿਚ ਹੋਣ ਵਾਲੀ ਵਾਸ਼ਿੰਗਟਨ ਫੇਰੀ ਵਿਚ ਇਸ ਬਾਰੇ ਚਰਚਾ ਕਰਨ ਦੀ ਅਪੀਲ ਕੀਤੀ ਸੀ ਤੇ ਨਾਲ ਇਹ ਵੀ ਆਖਿਆ ਕਿ ਗਨੀਮਤ ਹੈ ਕਿ ਸਾਡੇ ਨੌਜਵਾਨਾਂ ਨੂੰ ਅਮਰੀਕਾ ਦੀਆਂ ਜੇਲ੍ਹਾਂ ਵਿਚ ਰੁਲ਼ਣ ਦੀ ਬਜਾਏ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮੁਸੀਬਤ ਮਾਰੇ ਨੌਜਵਾਨਾਂ ਦੇ ਮੁੜ ਵਸੇਬੇ ਬਾਰੇ ਵੀ ਸੋਚ ਵਿਚਾਰ ਕਰਨ ਦੇ ਨਾਲ ਨਾਲ ਇਹ ਵੀ ਸੋਚਣ ਦੀ ਲੋੜ ਹੈ ਕਿ ਸਾਡੇ ਰਾਜ ਵਿਚ ਅਜਿਹੇ ਹਾਲਾਤ ਕਿਉਂ ਬਣ ਗਏ ਹਨ ਕਿ ਸਾਡੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਅਤੇ ਆਪਣੀਆਂ ਜਾਨਾਂ ਦਾਅ ’ਤੇ ਲਾ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ। ਗੁਜਰਾਤ ਤਾਂ ਸਨਅਤੀ ਅਤੇ ਕਾਰੋਬਾਰੀ ਲਿਹਾਜ਼ ਤੋਂ ਵਿਕਸਤ ਰਾਜ ਗਿਣਿਆ ਜਾਂਦਾ ਹੈ ਅਤੇ 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ‘ਗੁਜਰਾਤ ਮਾਡਲ’ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ। ਜੇ ਗੁਜਰਾਤ ਆਰਥਿਕ ਤੌਰ ’ਤੇ ਐਨਾ ਖੁਸ਼ਹਾਲ ਸੂਬਾ ਹੈ ਤਾਂ ਫਿਰ ਉੱਥੋਂ ਦੇ ਵਸਨੀਕ ਚੰਗੀ ਜ਼ਿੰਦਗੀ ਲਈ ਵਿਦੇਸ਼ਾਂ ਵਿਚ ਜਾਣ ਲਈ ਕਿਉਂ ਮਜਬੂਰ ਹਨ? ਇਨ੍ਹਾਂ ਕਾਰਨਾਂ ਅਤੇ ਹਾਲਾਤ ਬਾਰੇ ਨਿੱਠ ਕੇ ਪੜਚੋਲ ਜਾਂ ਚਰਚਾ ਨਹੀਂ ਕੀਤੀ ਜਾਂਦੀ। ਇਹ ਕਿਹਾ ਜਾ ਸਕਦਾ ਹੈ ਕਿ ਕੁਝ ਲੋਕ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਨਸ਼ੇ ਨਾਲ ਵਿਦੇਸ਼, ਖਾਸਕਰ ਵਿਕਸਤ ਦੇਸ਼ਾਂ ਦਾ ਰੁਖ਼ ਕਰਦੇ ਹਨ ਜਦਕਿ ਅਜਿਹੇ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜਿਨ੍ਹਾਂ ਨੂੰ ਮਜਬੂਰਨ ਇਸ ਰਸਤੇ ਤੁਰਨਾ ਪੈਂਦਾ ਹੈ। ਪੰਜਾਬ ’ਚੋਂ ਪਰਵਾਸ ਦਾ ਰੁਝਾਨ ਕਾਫ਼ੀ ਪੁਰਾਣਾ ਹੈ ਪਰ ਇਸ ਵਿਚ ਤੇਜ਼ੀ ਅੱਸੀਵਿਆਂ ਵਿਚ ਉਦੋਂ ਆਈ ਸੀ ਜਦੋਂ ਪੰਜਾਬ ਦੀ ਖੇਤੀਬਾੜੀ ਵਿਚ ਖੜੋਤ ਦੇ ਨਿਸ਼ਾਨ ਉਭਰਨੇ ਸ਼ੁਰੂ ਹੋਏ ਸਨ। ਇਸ ਵਕਤ ਸਮੁੱਚੇ ਵਿਕਸਤ ਦੇਸ਼ਾਂ ਵਿਚ ਆਰਥਿਕ ਮੰਦੀ ਦੇ ਹਾਲਾਤ ਬਣਦੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਸਾਡੇ ਕੋਲ ਆਪਣੇ ਘਰ ਨੂੰ ਸੰਵਾਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਅਤੇ ਇਸ ਮੰਤਵ ਲਈ ਸਭ ਪੱਧਰਾਂ ’ਤੇ ਸੁਹਿਰਦ ਯਤਨਾਂ ਦੀ ਲੋੜ ਹੈ।