ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਤਰ ਤੋਂ ਵਾਪਸੀ

06:35 AM Feb 13, 2024 IST

ਭਾਰਤੀ ਜਲ ਸੈਨਾ ਦੇ ਅੱਠ ਸਾਬਕਾ ਕਰਮੀਆਂ ਜਿਨ੍ਹਾਂ ਨੂੰ ਕਤਰ ਵਿਚ ਫ਼ਾਂਸੀ ਦੀ ਸਜ਼ਾ ਸੁਣਾਈ ਗਈ, ਦੀ ਰਿਹਾਈ ਅਤੇ ਵਤਨ ਵਾਪਸੀ ਵੱਡੀ ਰਾਹਤ ਲੈ ਕੇ ਆਈ ਹੈ। ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਤਰ ਦੀ ਸਰਕਾਰ ਨਾਲ ਕੀਤੀਆਂ ਗਈਆਂ ਗਹਿਗੱਚ ਵਾਰਤਾਵਾਂ ਦੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਕੂਟਨੀਤਕ ਅਤੇ ਸੁਰੱਖਿਆ ਤੰਤਰ ਦੇ ਹਰ ਕਰਮੀ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਜਲ ਸੈਨਾ ਦੇ ਇਨ੍ਹਾਂ ਕਰਮੀਆਂ ਅਤੇ ਇਨ੍ਹਾਂ ਦੇ ਪਰਿਵਾਰਾਂ ਲਈ ਬਹੁਤ ਔਖਾ ਸਮਾਂ ਲੰਘਿਆ ਹੈ। ਫਿਰ ਵੀ ਜਿਵੇਂ ਕਿ ਕਾਂਗਰਸ ਦੇ ਇਕ ਆਗੂ ਨੇ ਆਖਿਆ ਹੈ ਕਿ ਇਹ ਸਾਰੇ ਭਾਰਤੀਆਂ ਲਈ ਖੁਸ਼ੀ ਦਾ ਮੌਕਾ ਹੈ। ਇਨ੍ਹਾਂ ਖਿਲਾਫ਼ ਸੰਗੀਨ ਦੋਸ਼ ਆਇਦ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ ਅਗਸਤ 2022 ਵਿਚ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਦਸੰਬਰ ਮਹੀਨੇ ਇਨ੍ਹਾਂ ਦੀ ਸਜ਼ਾ ਏ ਮੌਤ ਘਟਾ ਕੇ ਉਮਰ ਕੈਦ ਕਰ ਦਿੱਤੀ ਗਈ ਸੀ। ਇਸ ਸਬੰਧ ਵਿਚ ਨਾ ਕਤਰ ਦੇ ਅਧਿਕਾਰੀਆਂ ਨੇ ਅਤੇ ਨਾ ਹੀ ਨਵੀਂ ਦਿੱਲੀ ਦੇ ਅਹਿਲਕਾਰਾਂ ਨੇ ਦੋਸ਼ਾਂ ਬਾਰੇ ਕੋਈ ਖੁਲਾਸਾ ਕੀਤਾ ਹੈ। ਇਸ ਰਾਜ਼ ਤੋਂ ਪਰਦਾ ਸ਼ਾਇਦ ਹੀ ਕਦੇ ਉਠ ਸਕੇਗਾ।
ਇਹ ਸਾਬਕਾ ਕਰਮੀ ਇਕ ਤਕਨਾਲੋਜੀ ਅਤੇ ਕੰਸਲਟੈਂਸੀ ਫਰਮ ਲਈ ਕੰਮ ਕਰਦੇ ਸਨ ਜਿਨ੍ਹਾਂ ਨੂੰ ਇਜ਼ਰਾਈਲ ਦੇ ਇਸ਼ਾਰੇ ’ਤੇ ਕਤਰ ਦੇ ਇਕ ਪਣਡੁੱਬੀ ਪ੍ਰੋਗਰਾਮ ਦੀ ਜਾਸੂਸੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਕਿਆਸ ਵੀ ਲਾਏ ਗਏ ਸਨ ਕਿ ਇਨ੍ਹਾਂ ਦਾ ਸਬੰਧ ਮੱਧ ਪੂਰਬ ਵਿਚ ਫ਼ੌਜੀ ਤਕਨਾਲੋਜੀਆਂ ਦੇ ਵਿਕਾਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਲ ਵੀ ਜੁੜਿਆ ਹੋਇਆ ਸੀ ਅਤੇ ਇਸ ਮਾਮਲੇ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਵੀ ਦੇਖਿਆ ਜਾ ਰਿਹਾ ਸੀ ਜਿਸ ਨਾਲ ਭੰਬਲਭੂਸਾ ਹੋਰ ਜ਼ਿਆਦਾ ਵਧ ਗਿਆ ਸੀ। ਹੁਣ ਇਸ ਮਾਮਲੇ ਨੂੰ ਸਿਰਫ਼ ਸਾਬਕਾ ਕਰਮੀ ਹੀ ਸਾਫ਼ ਕਰ ਸਕਦੇ ਹਨ ਕਿ ਕੀ ਉਨ੍ਹਾਂ ਨੂੰ ਕਿਸੇ ਭੂ-ਸਿਆਸੀ ਮੰਤਵ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਾਂ ਉਨ੍ਹਾਂ ਤੋਂ ਕੋਈ ਕੁਤਾਹੀ ਹੋਈ ਸੀ ਜਾਂ ਫਿਰ ਉਨ੍ਹਾਂ ਖਿਲਾਫ਼ ਲਾਏ ਗਏ ਦੋਸ਼ ਗ਼ਲਤ ਸਨ। ਭਾਰਤ ਸਰਕਾਰ ਨੇ ਉਨ੍ਹਾਂ ਦੀ ਪੂਰੀ ਮਦਦ ਕੀਤੀ ਹੈ ਪਰ ਇਸ ਕਿਸਮ ਦੀ ਵਚਨਬੱਧਤਾ ਨੂੰ ਖੈਰਾਤ ਨਹੀਂ ਸਮਝਣਾ ਚਾਹੀਦਾ।
ਇਸ ਮਾਮਲੇ ਨੇ ਚਿਤਾਵਨੀ ਦਿੱਤੀ ਹੈ ਕਿ ਰੱਖਿਆ ਕਰਮੀਆਂ ਦੀਆਂ ਮੁੜ ਸੇਵਾਵਾਂ ਲੈਣ ਸਬੰਧੀ ਪ੍ਰੋਟੋਕਾਲ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕਿਸੇ ਪ੍ਰੋਫੈਸ਼ਨਲ ਕਰਾਰ ’ਤੇ ਸਹੀ ਪਾਉਣ ਤੋਂ ਪਹਿਲਾਂ ਉਸ ਦੀ ਇਬਾਰਤ ਦੀ ਚੰਗੀ ਤਰ੍ਹਾਂ ਨਿਰਖ ਪਰਖ ਕਰਨੀ ਜ਼ਰੂਰੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਕਈ ਵਾਰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।

Advertisement

Advertisement
Advertisement