For the best experience, open
https://m.punjabitribuneonline.com
on your mobile browser.
Advertisement

ਗਰਮੀ ਵਧਣ ਕਾਰਨ ਪਰਵਾਸੀ ਪੰਛੀਆਂ ਨੇ ਭਰੀ ਵਾਪਸੀ ਦੀ ਉਡਾਣ

07:03 AM Mar 20, 2024 IST
ਗਰਮੀ ਵਧਣ ਕਾਰਨ ਪਰਵਾਸੀ ਪੰਛੀਆਂ ਨੇ ਭਰੀ ਵਾਪਸੀ ਦੀ ਉਡਾਣ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 19 ਮਾਰਚ
ਤਾਪਮਾਨ ਵਧਣ ਕਾਰਨ ਨਜ਼ਦੀਕੀ ਪਿੰਡ ਮੋਟੇਮਾਜਰਾ ਦੀ ਢਾਬ ਵਿੱਚ ਪਹੁੰਚੇ ਸੈਂਕੜੇ ਪਰਵਾਸੀ ਪੰਛੀ ਉਥੋਂ ਜਾਣ ਲੱਗੇ ਹਨ। ਵੱਡੀ ਗਿਣਤੀ ਵਿੱਚ ਪਰਵਾਸੀ ਪੰਛੀ ਵਾਪਸ ਉਡਾਰੀ ਮਾਰ ਚੁੱਕੇ ਹਨ ਅਤੇ ਰਹਿੰਦੇ ਪੰਛੀ ਵੀ ਮਹੀਨੇ ਦੇ ਅੰਤ ਤੱਕ ਇੱਥੋਂ ਚਲੇ ਜਾਣਗੇ। ਸਾਇਬੇਰੀਆ ਅਤੇ ਹੋਰ ਠੰਢੇ ਮੁਲਕਾਂ ਵਿੱਚੋਂ ਸੈਂਕੜੇ ਕਿਲੋਮੀਟਰ ਦਾ ਪੰਧ ਤੈਅ ਕਰਕੇ ਸੈਂਕੜੇ ਪੰਛੀ ਮੋਟੇਮਾਜਰਾ ਦੀ ਇਸ 25 ਏਕੜ ਦੇ ਕਰੀਬ ਰਕਬੇ ਵਿੱਚ ਫੈਲੀ ਢਾਬ ਵਿੱਚ ਹਰ ਸਾਲ ਅੱਧ ਦਸੰਬਰ ਤੋਂ ਆਉਣੇ ਆਰੰਭ ਹੋ ਜਾਂਦੇ ਹਨ ਅਤੇ ਪੰਦਰਾਂ-ਵੀਹ ਦਿਨਾਂ ਦੇ ਅੰਦਰ ਸਮੁੱਚੀ ਢਾਬ ਪੰਛੀਆਂ ਨਾਲ ਭਰ ਜਾਂਦੀ ਹੈ। ਅੱਧੀ ਦਰਜਨ ਤੋਂ ਵੱਧ ਕਿਸਮਾਂ ਦੇ ਪੰਛੀ ਜਿਨ੍ਹਾਂ ਵਿਚ ਮੁਰਗਾਬ, ਨੀਲੀ ਮੁਰਗਾਬੀ, ਚਿੱਟੀ ਮੁਰਗਾਬੀ, ਕਾਲਾ, ਚਿੱਟਾ ਅਤੇ ਲਾਲ ਮੱਗ, ਕਾਲਾ ਪਹਾੜੀ ਕਾਂ ਆਦਿ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਹਨ। ਪੰਛੀਆਂ ਨੂੰ ਵੇਖਣ ਲਈ ਇੱਥੇ ਹਰ ਸਾਲ ਵੱਡੀ ਗਿਣਤੀ ਵਿੱਚ ਪੰਛੀ ਪ੍ਰੇਮੀ ਵੀ ਆਉਂਦੇ ਹਨ।
ਪਿੰਡ ਦੀ ਪੰਚਾਇਤ ਨੇ ਇਸ ਵਰ੍ਹੇ ਢਾਬ ਦੇ ਆਲੇ-ਦੁਆਲੇ ਕੁਝ ਹਿੱਸਾ ਦੀਵਾਰ ਵੀ ਬਣਾਈ ਹੈ ਅਤੇ ਐਤਕੀਂ ਢਾਬ ਨੂੰ ਸੰਘਾੜੇ ਦੀ ਫ਼ਸਲ ਲਈ ਠੇਕੇ ਉੱਤੇ ਨਾ ਦਿੱਤੇ ਜਾਣ ਕਾਰਨ ਪੰਛੀਆਂ ਦੇ ਬੈਠਣ ਦੀ ਰਾਹ ਵਿੱਚ ਅੜਿੱਕਾ ਬਣਦੀਆਂ ਸੰਘਾੜੇ ਦੀਆਂ ਵੇਲਾਂ ਨਾ ਹੋਣ ਕਾਰਨ ਪੰਛੀ ਹੋਰ ਵੀ ਵੱਡੀ ਗਿਣਤੀ ਵਿੱਚ ਇੱਥੇ ਆਏ ਸਨ। ਪਿੰਡ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਵੀ ਢਾਬ ਨੇੜੇ ਬੈਠ ਕੇ ਪਰਵਾਸੀ ਪੰਛੀਆਂ ਦੀਆਂ ਅਠਖੇਲੀਆਂ ਦਾ ਨਜ਼ਾਰਾ ਮਾਣਦੇ ਹਨ ਤੇ ਉਨ੍ਹਾਂ ਨੂੰ ਅਗਲੇ ਵਰ੍ਹੇ ਵੀ ਪਰਵਾਸੀ ਪੰਛੀਆਂ ਦੇ ਪਰਤਣ ਦੀ ਆਸ ਹੁੰਦੀ ਹੈ।

Advertisement

ਮਹਾਰਾਜਾ ਪਟਿਆਲਾ ਖੇਡਦੇ ਰਹੇ ਨੇ ਇਥੇ ਸ਼ਿਕਾਰ

ਮੋਟੇਮਾਜਰਾ ਦੀ ਇਸ ਢਾਬ ’ਤੇ ਪੁਰਾਣੇ ਸਮਿਆਂ ਵਿੱਚ ਕਈ ਉੱਘੀਆਂ ਸ਼ਖ਼ਸੀਅਤਾਂ ਪਰਵਾਸੀ ਪੰਛੀਆਂ ਦਾ ਸ਼ਿਕਾਰ ਖੇਡਣ ਲਈ ਆਉਂਦੀਆਂ ਰਹੀਆਂ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇੱਥੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਵੀ ਸ਼ਿਕਾਰ ਖੇਡਣ ਆਉਂਦੇ ਸਨ ਅਤੇ ਕਈ-ਕਈ ਦਿਨ ਟੈਂਟ ਲਗਾ ਕੇ ਇੱਥੇ ਹੀ ਰਹਿੰਦੇ ਸਨ। ਸੋਹਾਣਾ ਦੇ ਸਰਦਾਰ ਟਿੱਕਾ ਜੀ, ਭਰਤਗੜ੍ਹੀਏ ਸਰਦਾਰ ਵੀ ਸ਼ਿਕਾਰ ਖੇਡਣ ਇਥੇ ਆਉਂਦੇ ਰਹੇ ਹਨ। ਹੁਣ ਇਥੇ ਸ਼ਿਕਾਰ ਖੇਡਣ ’ਤੇ ਪਾਬੰਦੀ ਹੈ।

ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਢਾਬ ਦਾ ਕਰ ਚੁੱਕੇ ਨੇ ਦੌਰਾ

ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 2010 ਵਿੱਚ ਮੁਹਾਲੀ ਹਲਕੇ ਦੇ ਤਤਕਾਲੀ ਪਾਰਟੀ ਇੰਚਾਰਜ ਨਰਿੰਦਰ ਕੁਮਾਰ ਸ਼ਰਮਾ ਦੀ ਪਹਿਲਕਦਮੀ ’ਤੇ ਇਸ ਢਾਬ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਇਸ ਢਾਬ ਨੂੰ ਪੰਛੀਆਂ ਦੇ ਰੱਖ-ਰਖਾਓ ਅਤੇ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਪਰ ਤਤਕਾਲੀ ਪੰਚਾਇਤ ਵੱਲੋਂ ਇਸ ਸਬੰਧੀ ਲੋੜੀਂਦਾ ਮਤਾ ਨਾ ਪਾਏ ਜਾਣ ਕਾਰਨ ਇਹ ਪ੍ਰਾਜੈਕਟ ਠੱਪ ਹੋ ਗਿਆ। ਪੰਛੀ ਪ੍ਰੇਮੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਮੋਟੇਮਾਜਰਾ ਦੀ ਢਾਬ ਨੂੰ ਪੰਛੀਆਂ ਦੀ ਰੱਖ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ।

Advertisement
Author Image

joginder kumar

View all posts

Advertisement
Advertisement
×