ਸੇਵਾਮੁਕਤ ਜੱਜ ਵੱਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ
ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ/ਸ਼ਾਹਬਾਦ, 10 ਜਨਵਰੀ
ਸੇਵਾਮੁਕਤ ਜੱਜ ਨੇ ਬੀਤੀ ਰਾਤ ਵੰਦੇ ਭਾਰਤ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਜੇਬ ਵਿੱਚੋਂ ਸੁਸਾਈਡ ਨੋਟ ਮਿਲਿਆ। ਵੰਦੇ ਭਾਰਤ ਰੇਲ ਦੇ ਡਰਾਈਵਰ ਨੇ ਰੇਲਵੇ ਪੁਲੀਸ ਨੂੰ ਸੂਚਿਤ ਕੀਤਾ ਕਿ ਸ਼ਾਹਬਾਦ ਨੇੜੇ ਇਕ ਵਿਅਕਤੀ ਨੂੰ ਰੇਲ ਨੇ ਫੇਟ ਮਾਰ ਦਿੱਤੀ ਹੈ, ਪਰ ਜਦੋਂ ਰੇਲਵੇ ਪੁਲੀਸ ਨੇ ਉਸ ਦੀ ਭਾਲ ਕੀਤੀ, ਤਾਂ ਉਨ੍ਹਾਂ ਨੂੰ ਉਥੋਂ ਕੁਝ ਨਹੀਂ ਮਿਲਿਆ। ਦੁਬਾਰਾ ਸਬੰਧਤ ਰੇਲ ਡਰਾਈਵਰ ਨਾਲ ਗੱਲ ਕੀਤੀ ਤਾਂ ਉਸ ਦੇ ਦੱਸਣ ਮੁਤਾਬਕ ਰੇਲਵੇ ਪਿੱਲਰ ਨੰਬਰ 178 ਦੇ ਨੰਬਰ 33-34 ਨੇੜੇ ਤਲਾਸ਼ੀ ਲਈ ਗਈ, ਤਾਂ ਐੱਸਆਈ ਕਮਲ ਕੁਮਾਰ ਦੀ ਟੀਮ ਨੂੰ ਲਾਸ਼ ਮਿਲੀ। ਲਾਸ਼ ਦੀ ਤਲਾਸ਼ੀ ਲਈ, ਤਾਂ ਪਰਸ ਵਿੱਚੋਂ ਸੁਸਾਈਡ ਨੋਟ ਬਰਾਮਦ ਹੋਇਆ, ਜਿਸ ਵਿੱਚ ਲਿਖਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਇਸ ਲਈ ਕੋਈ ਜ਼ਿੰਮੇਵਾਰ ਨਹੀਂ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਕੁਮਾਰ ਕਸ਼ਯਪ (78) ਵਾਸੀ ਪੰਚਕੂਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਰਿਵਾਰ ਪਹਿਲਾਂ ਸ਼ਾਹਾਬਾਦ ਮਾਰਕੰਡਾ ਵਿੱਚ ਰਹਿੰਦਾ ਸੀ ਅਤੇ ਮ੍ਰਿਤਕ ਸੇਵਾਮੁਕਤ ਜੱਜ ਸੀ। ਮ੍ਰਿਤਕ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਸਰਲਾ ਕਸ਼ਯਪ, ਵੱਡਾ ਪੁੱਤਰ ਯੋਗੇਸ਼ ਕਸ਼ਯਪ ਅਤੇ ਛੋਟਾ ਨਿਪੁਨ ਕਸ਼ਯਪ ਹੈ।
ਪਤਨੀ ਦਾ ਜਨਮ ਦਿਨ ਮਨਾਉਣ ਮਗਰੋਂ ਸਵੇਰੇ ਸੈਰ ਲਈ ਨਿਕਿਲਆ
ਮ੍ਰਿਤਕ ਦੇ ਛੋਟੇ ਪੁੱਤਰ ਨਿਪੁਨ ਕਸ਼ਯਪ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਮਾਤਾ ਦਾ ਜਨਮ ਦਿਨ ਸੀ ਅਤੇ ਪੂਰੇ ਪਰਿਵਾਰ ਨੇ ਰਾਤ ਜਨਮ ਦਿਨ ਮਨਾਇਆ। ਹਰ ਰੋਜ਼ ਵਾਂਗ ਵੀਰਵਾਰ ਨੂੰ ਉਸ ਦੇ ਪਿਤਾ ਸਵੇਰੇ 8 ਵਜੇ ਪੰਚਕੂਲਾ ਘਰੋਂ ਸੈਰ ਲਈ ਨਿਕਲੇ ਸਨ। ਜਦੋਂ ਉਹ ਸਵੇਰੇ 10 ਵਜੇ ਤੱਕ ਘਰ ਨਾ ਪਰਤੇ, ਤਾਂ ਭਾਲ ਸ਼ੁਰੂ ਕੀਤੀ। ਸ਼ੁੱਕਰਵਾਰ ਸਵੇਰੇ ਜੀਆਰਪੀ ਕੁਰੂਕਸ਼ੇਤਰ ਪੁਲੀਸ ਨੇ ਉਨ੍ਹਾਂ ਨੂੰ ਮੌਤ ਦੀ ਸੂਚਨਾ ਦਿੱਤੀ।