ਜ਼ਿਲ੍ਹਾ ਪੱਧਰੀ ਖੇਡਾਂ ’ਚ ਪ੍ਰੇਰਨਾ ਸਰੋਤ ਬਣਿਆ ਸੇਵਾਮੁਕਤ ਮੁੱਖ ਅਧਿਆਪਕ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਨਵੰਬਰ
ਇੱਕ ਸਰਕਾਰੀ ਸਕੂਲ ਵਿੱਚੋਂ ਮੁੱਖ ਅਧਿਆਪਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਸੁਖਰਾਮ ਅੱਜ ਕੱਲ੍ਹ ਖੇਡਾਂ ਵਿੱਚ ਤਗ਼ਮੇ ਜਿੱਤ ਰਿਹਾ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਲਗਪਗ ਢਾਈ ਸਾਲ ਪਹਿਲਾਂ ਸੇਵਾ ਮੁਕਤ ਹੋਇਆ ਸੁਖਰਾਮ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਦੌੜ ਮੁਕਾਬਲਿਆਂ ’ਚੋਂ ਤਗ਼ਮੇ ਜਿੱਤ ਕੇ ਹੁਣ ਸੂਬਾ ਪੱਧਰੀ ਮੁਕਾਬਲੇ ਖੇਡਣ ਜਾ ਰਿਹਾ ਹੈ। ਸੁਖਰਾਮ ਦੀ ਪਤਨੀ ਕਮਲੇਸ਼ ਰਾਣੀ ਨੇ ਵੀ ਇਨ੍ਹਾਂ ਖੇਡਾਂ ’ਚ ਹਿੱਸਾ ਲੈ ਕੇ ਤਗ਼ਮੇ ਜਿੱਤੇ ਹਨ। ਸੁਖਰਾਮ ਦਾ ਕਹਿਣਾ ਹੈ ਕਿ ਉਹ ਸਿੱਖਿਆ ਵਿਭਾਗ ਵਿੱਚ ਨੌਕਰੀ ਦੌਰਾਨ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਂਦਾ ਰਿਹਾ ਹੈ ਤੇ ਉਸ ਦੇ ਤਿਆਰ ਕੀਤੇ ਬੱਚੇ ਸੂਬਾ ਪੱਧਰ ਤੱਕ ਤਗ਼ਮੇ ਜਿੱਤਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਵੀ ਉਹ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਂਦਾ ਆ ਰਿਹਾ ਹੈ। ਇਸ ਦੌਰਾਨ ਸੁਖਰਾਮ ਨੇ ਕਮਲੇਸ਼ ਰਾਣੀ ਨਾਲ ਮਿਲ ਕੇ ਸੈਕਟਰ-32 ਦੇ ਪਾਰਕ ਅਤੇ ਕੁਲੀਏਵਾਲ ਖੇਡ ਮੈਦਾਨ ਵਿੱਚ ਦੌੜਾਂ ਦੀ ਤਿਆਰੀ ਕੀਤੀ ਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਹਿੱਸਾ ਲਿਆ। ਇਸ ਮਗਰੋਂ ਸੁਖਰਾਮ ਨੇ ਬਲਾਕ ਪੱਧਰੀ 61-70 ਸਾਲ ਉਮਰ ਵਰਗ ਦੇ 800 ਮੀਟਰ ਦੌੜ ਮੁਕਾਬਲੇ ’ਚੋਂ ਪਹਿਲਾ ਅਤੇ 400 ਮੀਟਰ ਦੌੜ ਮੁਕਾਬਲੇ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ 400 ਮੀਟਰ ਦੌੜ ’ਚੋਂ ਤੀਜਾ ਤੇ 800 ਮੀਟਰ ਦੌੜ ’ਚੋਂ ਦੂਜਾ ਸਥਾਨ ਹਾਸਲ ਕੀਤਾ। ਕਮਲੇਸ਼ ਰਾਣੀ ਨੇ 51-60 ਸਾਲ ਉਮਰ ਵਰਗ ਵਿੱਚ ਹਿੱਸਾ ਲੈਂਦਿਆਂ ਬਲਾਕ ਪੱਧਰ ਦੀ 400 ਮੀਟਰ ਤੇ 800 ਮੀਟਰ ਦੌੜ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਜ਼ਿਲ੍ਹਾ ਪੱਧਰ ’ਤੇ 400 ਮੀਟਰ ਦੌੜ ’ਚੋਂ ਪਹਿਲਾ ਤੇ 800 ਮੀਟਰ ਦੌੜ ਵਿੱਚੋਂ ਦੂਜਾ ਸਥਾਨ ਹਾਸਲ ਕਰ ਕੇ ਹੁਣ ਸੂਬਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਹੈ। ਇਸ ਜੋੜੇ ਦਾ ਕਹਿਣਾ ਹੈ ਕਿ ਜੇਕਰ ਜਨੂੰਨ ਹੋਵੇ ਤਾਂ ਉਮਰ ਕੋਈ ਮਾਇਨਾ ਨਹੀਂ ਰੱਖਦੀ। ਉਨ੍ਹਾਂ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਾ ਹੋਕਾ ਦਿੱਤਾ।