ਸੇਵਾਮੁਕਤ ਬਿਜਲੀ ਕਾਮਿਆਂ ਨੇ ਰੋਸ ਰੈਲੀ ਕੱਢੀ
ਪੱਤਰ ਪ੍ਰੇਰਕ
ਦੋਰਾਹਾ, 5 ਸਤੰਬਰ
ਇੱਥੇ ਬਿਜਲੀ ਬੋਰਡ ਨਾਲ ਸਬੰਧਤ ਪੈਨਸ਼ਨਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਪਾਵਰਕੌਮ/ਟਰਾਂਸਕੋ ਮੈਨੇਜਮੈਂਟ ਖਿਲਾਫ਼ ਹਰਬੰਸ ਸਿੰਘ ਦੋਬੁਰਜੀ ਦੀ ਅਗਵਾਈ ਹੇਠ ਡਿਵੀਜ਼ਨ ਦਫ਼ਤਰ ਅੱਗੇ ਰੈਲੀ ਕੱਢੀ। ਇਸ ਮੌਕੇ ਕਿਸ਼ਨ ਕੁਮਾਰ, ਤਰਸੇਮ ਲਾਲ ਅਤੇ ਸੁਖਵਿੰਦਰ ਸਿੰਘ ਨੇ ਪਾਵਰਕੌਮ/ਟਰਾਂਸਕੋ ਮੈਨੇਜਮੈਂਟ, ਪੰਜਾਬ ਤੇ ਕੇਂਦਰ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਵਿਦਿਆਰਥੀ ਵਿਰੋਧੀ ਨੀਤੀਆਂ ਸਬੰਧੀ ਚਾਨਣਾ ਪਾਉਂਦਿਆਂ ਮੰਗ ਕੀਤੀ ਕਿ ਬਿਜਲੀ ਯੂਨਿਟਾਂ ਵਿੱਚ ਰਿਆਇਤ ਦਿੱਤੀ ਜਾਵੇ, ਮਹਿਕਮੇ ਵਿੱਚ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਆਊਟਸੋਰਸਿੰਗ ਤੇ ਠੇਕੇਦਾਰੀ ਪ੍ਰਣਾਲੀ ਬੰਦ ਕਰ ਕੇ ਬਿਨਾਂ ਸ਼ਰਤ ਪੱਕੀ ਭਰਤੀ ਕੀਤੀ ਜਾਵੇ, ਕੈਸ਼ਲੈੱਸ ਸਕੀਮ ਮੁੜ ਚਾਲੂ ਕੀਤੀ ਜਾਵੇ, ਬੁਢਾਪਾ ਅਲਾਊਂਸ ਨੂੰ ਬੇਸਿਕ ਪੈਨਸ਼ਨ ਵਿੱਚ ਜੋੜਿਆ ਜਾਵੇ, ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦਿੱਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ 25 ਸਤੰਬਰ ਨੂੰ ਪਟਿਆਲਾ ਵਿੱਚ ਹੋ ਰਹੇ ਧਰਨੇ ’ਚ ਡਿਵੀਜ਼ਨ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਹਰਚਰਨ ਸਿੰਘ ਗਰੇਵਾਲ, ਰਾਮ ਕਿਸ਼ਨ, ਰਕੇਸ਼ ਕੁਮਾਰ, ਭਗਵੰਤ ਸਿਘ, ਅਵਤਾਰ ਸਿੰਘ, ਰਾਮ ਸਰੂਪ, ਸਾਂਗਾ ਰਾਮ ਤੇ ਨਛੱਤਰ ਸਿੰਘ ਆਦਿ ਹਾਜ਼ਰ ਸਨ।