ਪਰਚੂਨ ਮਹਿੰਗਾਈ 3.54 ਫ਼ੀਸਦ ਨਾਲ 5 ਸਾਲਾਂ ਦੇ ਹੇਠਲੇ ਪੱਧਰ ’ਤੇ
ਨਵੀਂ ਦਿੱਲੀ, 12 ਅਗਸਤ
ਖੁਰਾਕੀ ਵਸਤਾਂ ਦੀਆਂ ਘਟੀਆਂ ਕੀਮਤਾਂ ਕਰਕੇ ਪਰਚੂਨ ਮਹਿੰਗਾਈ ਜੁਲਾਈ ਮਹੀਨੇ 3.54 ਫ਼ੀਸਦ ਨਾਲ ਪੰਜ ਸਾਲਾਂ ਦੇੇ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ। ਸੋਮਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ ਖ਼ਪਤਕਾਰ ਕੀਮਤ ਸੂਚਕ ਅੰਕ (ਸੀਪੀਆਈ) ਅਧਾਰਿਤ ਪਰਚੂਨ ਮਹਿੰਗਾਈ ਇਸ ਸਾਲ ਜੂਨ ਵਿਚ 5.08 ਫ਼ੀਸਦ ਤੇ ਪਿਛਲੇ ਸਾਲ ਜੁਲਾਈ ਵਿਚ 7.44 ਫ਼ੀਸਦ ਸੀ। ਸਤੰਬਰ 2019 ਤੋਂ ਬਾਅਦ ਪਹਿਲੀ ਵਾਰ ਪਰਚੂਨ ਮਹਿੰਗਾਈ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਨਿਰਧਾਰਿਤ 4 ਫ਼ੀਸਦ ਦੇ ਦਰਮਿਆਨੇ ਟੀਚੇ ਨਾਲੋਂ ਘੱਟ ਰਹੀ ਹੈ। ਕਰੀਬ ਪੰਜ ਸਾਲ ਪਹਿਲਾਂ ਇਹ ਅੰਕੜਾ 3.99 ਫ਼ੀਸਦ ਸੀ। ਸਰਕਾਰ ਨੇ ਆਰਬੀਆਈ ਨੂੰ ਮਹਿੰਗਾਈ ਦਰ 4 ਫ਼ੀਸਦ (ਦੋ ਫ਼ੀਸਦ ਦੀ ਉਪਰ ਥੱਲੇ ਦੀ ਗੁੰਜਾਇਸ਼) ਰੱਖਣ ਦਾ ਟੀਚਾ ਦਿੱਤਾ ਸੀ। ਸਤੰਬਰ 2023 ਮਗਰੋਂ ਮਹਿੰਗਾਈ 6 ਫ਼ੀਸਦ ਤੋਂ ਘੱਟ ਰਹੀ ਹੈ। ਕੌਮੀ ਅੰਕੜਾ ਦਫ਼ਤਰ (ਐੱਨਐੱਸਓ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ‘ਦੁੱਧ ਤੇ ਦੁੱਧ ਉਤਪਾਦਾਂ’ ਦੀ ਸਾਲਾਨਾ ਮਹਿੰਗਾਈ ਦਰ 2.99 ਫ਼ੀਸਦ ਸੀ ਜਦੋਂਕਿ ਤੇਲਾਂ ਤੇ ਚਰਬੀ ਦੀ ਮਨਫ਼ੀ 1.17 ਫ਼ੀਸਦ, ਫਲਾਂ ਦੀ 3.84 ਫ਼ੀਸਦ ਤੇ ਮਸਾਲਿਆਂ ਦੀ ਮਨਫ਼ੀ 1.43 ਫ਼ੀਸਦ ਸੀ। ਸਬਜ਼ੀਆਂ ਦੀ ਮਹਿੰਗਾਈ ਦਰ 6.83 ਫ਼ੀਸਦ ਅਤੇ ਅੰਨ ਤੇ ਹੋਰ ਉਤਪਾਦਾਂ ਦੀ 8.14 ਫ਼ੀਸਦ ਸੀ। -ਪੀਟੀਆਈ