For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ

07:10 AM Oct 08, 2024 IST
ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ
ਝੱਜਰ ਦੇ ਨਹਿਰੂ ਪੀਜੀ ਕਾਲਜ ਵਿੱਚ ਸੋਮਵਾਰ ਨੂੰ ਸਟਰਾਂਗ ਰੂਮ ਦੇ ਬਾਹਰ ਤਾਇਨਾਤ ਸੁਰੱਖਿਆ ਬਲ ਦੇ ਜਵਾਨ। -ਫੋਟੋ: ਸੁਮਿਤ ਥਾਰਨ
Advertisement

ਆਤਿਸ਼ ਗੁਪਤਾ/ਪੀਟੀਆਈ
ਚੰਡੀਗੜ੍ਹ/ਜੰਮੂ, 7 ਅਕਤੂਬਰ
ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ 90-90 ਸੀਟਾਂ ’ਤੇ ਪਈਆਂ ਵੋਟਾਂ ਦੇ ਨਤੀਜੇ ਭਲਕੇ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ 9 ਵਜੇ ਦੇ ਕਰੀਬ ਰੁਝਾਨ ਆਉਣ ਦੀ ਸੰਭਾਵਨਾ ਹੈ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਵੋਟ ਗਿਣਤੀ ਕੇਂਦਰਾਂ ’ਤੇ ਤਿੰਨ ਪੱਧਰੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜੰਮੂ ਕਸ਼ਮੀਰ ’ਚ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪਹਿਲੀ ਚੁਣੀ ਹੋਈ ਸਰਕਾਰ ਕਾਇਮ ਹੋਵੇਗੀ। ਜੰਮੂ ਕਸ਼ਮੀਰ ’ਚ ਮੁੱਖ ਮੁਕਾਬਲਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗੱਠਜੋੜ, ਪੀਡੀਪੀ ਅਤੇ ਭਾਜਪਾ ਵਿਚਕਾਰ ਹੈ। ਜੰਮੂ ਕਸ਼ਮੀਰ ’ਚ 873 ਉਮੀਦਵਾਰ ਚੋਣ ਮੈਦਾਨ ’ਚ ਸਨ ਅਤੇ ਭਲਕੇ ਸ਼ਾਮ ਤੱਕ ਉਨ੍ਹਾਂ ਦਾ ਭਵਿੱਖ ਤੈਅ ਹੋ ਜਾਵੇਗਾ। ਚੋਣ ਸਰਵੇਖਣਾਂ ’ਚ ਸੰਭਾਵਨਾ ਜਤਾਈ ਗਈ ਹੈ ਕਿ ਹਰਿਆਣਾ ’ਚ ਕਾਂਗਰਸ ਨੂੰ ਪੂਰਨ ਬਹੁਮਤ ਮਿਲੇਗਾ ਜਦਕਿ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗੱਠਜੋੜ ਨੂੰ ਸਭ ਤੋਂ ਵਧ ਸੀਟਾਂ ਮਿਲਣਗੀਆਂ।
ਹਰਿਆਣਾ ’ਚ ਵੋਟਾਂ ਦੀ ਗਿਣਤੀ 53 ਥਾਵਾਂ ’ਤੇ ਹੋਵੇਗੀ। ਹਰਿਆਣਾ ’ਚ ਭਾਜਪਾ, ਕਾਂਗਰਸ, ‘ਆਪ’, ਇਨੈਲੋ-ਬਸਪਾ ਗੱਠਜੋੜ, ਜੇਜੇਪੀ-ਏਐੱਸਪੀ ਗੱਠਜੋੜ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਫਸਵਾਂ ਮੁਕਾਬਲਾ ਹੈ। ਸੂਬੇ ਵਿੱਚ 101 ਔਰਤਾਂ ਸਣੇ ਕੁੱਲ 1031 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ‘ਐਗਜ਼ਿਟ ਪੋਲਾਂ’ ਵਿੱਚ ਕਾਂਗਰਸ ਦੇ 10 ਸਾਲਾਂ ਬਾਅਦ ਮੁੜ ਸੱਤਾ ’ਚ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਉਂਝ ਕਾਰਜਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ।

Advertisement

ਜੰਮੂ ਕਸ਼ਮੀਰ: ਸੂਬੇ ਦਾ ਦਰਜਾ ਬਹਾਲ ਕਰਨ ਲਈ ਸੁਪਰੀਮ ਕੋਰਟ ’ਚ ਅਰਜ਼ੀ

ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਦੋ ਮਹੀਨਿਆਂ ’ਚ ਬਹਾਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕਰਦਿਆਂ ਅੱਜ ਸੁਪਰੀਮ ਕੋਰਟ ’ਚ ਇਕ ਅਰਜ਼ੀ ਦਾਖ਼ਲ ਕੀਤੀ ਗਈ ਹੈ। ਪਿਛਲੇ ਸਾਲ 11 ਦਸੰਬਰ ਨੂੰ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਧਾਰਾ 370 ਮਨਸੂਖ ਕਰਨ ਦੇ ਫ਼ੈਸਲੇ ਨੂੰ ਸਰਬਸੰਮਤੀ ਨਾਲ ਬਹਾਲ ਰਖਦਿਆਂ ਸਤੰਬਰ 2024 ਤੱਕ ਵਿਧਾਨ ਸਭਾ ਚੋਣਾਂ ਕਰਾਉਣ ਅਤੇ ਸੂਬੇ ਦਾ ਦਰਜਾ ਫੌਰੀ ਬਹਾਲ ਕਰਨ ਦਾ ਹੁਕਮ ਸੁਣਾਇਆ ਸੀ। ਸੂਬੇ ਦਾ ਦਰਜਾ ਬਹਾਲ ਕਰਨ ਸਬੰਧੀ ਨਵੀਂ ਅਰਜ਼ੀ ਅਕਾਦਮੀਸ਼ੀਅਨ ਜ਼ਹੂਰ ਅਹਿਮਦ ਭੱਟ ਅਤੇ ਸਮਾਜਿਕ-ਸਿਆਸੀ ਕਾਰਕੁਨ ਖੁਰਸ਼ੀਦ ਅਹਿਮਦ ਮਲਿਕ ਨੇ ਦਾਖ਼ਲ ਕੀਤੀ ਹੈ। -ਪੀਟੀਆਈ

Advertisement

ਪੀਡੀਪੀ ਦੀ ਹਮਾਇਤ ਨਾਲ ਸਰਕਾਰ ਬਣਾਉਣ ’ਤੇ ਕੋਈ ਇਤਰਾਜ਼ ਨਹੀਂ: ਫਾਰੂਕ

ਸ੍ਰੀਨਗਰ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਕਿਹਾ ਕਿ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸਰਕਾਰ ਬਣਾਉਣ ਲਈ ਮਹਿਬੂਬਾ ਮੁਫ਼ਤੀ ਦੀ ਅਗਵਾਈ ਹੇਠਲੀ ਪੀਡੀਪੀ ਤੋਂ ਹਮਾਇਤ ਲੈਣ ਦੀ ਲੋੜ ਪਈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਆਜ਼ਾਦ ਉਮੀਦਵਾਰਾਂ ਤੋਂ ਵੀ ਹਮਾਇਤ ਲੈਣ ਤੋਂ ਨਹੀਂ ਝਿਜਕੇਗਾ। ਉਨ੍ਹਾਂ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਪੰਜ ਰਾਖਵੀਆਂ ਸੀਟਾਂ ’ਤੇ ਮੈਂਬਰ ਨਾਮਜ਼ਦ ਕਰਨ ਲਈ ਉਪ ਰਾਜਪਾਲ ਨੂੰ ਦਿੱਤੀ ਤਾਕਤ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਇਹ ਫ਼ੈਸਲਾ ਲਾਗੂ ਕੀਤਾ ਤਾਂ ਉਨ੍ਹਾਂ ਦੀ ਪਾਰਟੀ ਸੁਪਰੀਮ ਕੋਰਟ ਦਾ ਰੁਖ਼ ਕਰੇਗੀ। ਮੁੱਖ ਮੰਤਰੀ ਅਹੁਦੇ ਦੀ ਦੌੜ ’ਚੋਂ ਆਪਣੇ ਆਪ ਨੂੰ ਬਾਹਰ ਕਰਦਿਆਂ ਫਾਰੂਕ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਸੂਬੇ ਦਾ ਦਰਜਾ ਤੁਰੰਤ ਬਹਾਲ ਹੋਣਾ ਚਾਹੀਦਾ ਹੈ ਤਾਂ ਜੋ ਨਵੀਂ ਬਣਨ ਵਾਲੀ ਸਰਕਾਰ ਕੋਲ ਲੋਕਾਂ ਦੀਆਂ ਸਮੱਸਿਆਵਾਂ ਹਲ ਕਰਨ ਦੀ ਤਾਕਤ ਹੋਵੇ। ਇਸੇ ਦੌਰਾਨ ਭਾਜਪਾ, ਪੀਡੀਪੀ ਨੇ ਵੀ ਆਪੋ-ਆਪਣੀ ਦੀ ਜਿੱਤ ਦੇ ਦਾਅਵੇ ਕੀਤੇ ਹਨ। - ਪੀਟੀਆਈ

ਹੁੱਡਾ ਤੇ ਸ਼ੈਲਜਾ ਨੇ ਕਿਹਾ,‘ਮੁੱਖ ਮੰਤਰੀ ਅਹੁਦੇ ਲਈ ਹਾਈ ਕਮਾਨ ਦਾ ਫ਼ੈਸਲਾ ਮਨਜ਼ੂਰ’

ਨਵੀਂ ਦਿੱਲੀ: ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਦਲਿਤ ਆਗੂ ਕੁਮਾਰੀ ਸ਼ੈਲਜਾ ਨੇ ਭਰੋਸਾ ਜਤਾਇਆ ਹੈ ਕਿ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਬਣੇਗੀ। ਦੋਵੇਂ ਆਗੂਆਂ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਨੂੰ ਹਾਈ ਕਮਾਨ ਦਾ ਫ਼ੈਸਲਾ ਮਨਜ਼ੂਰ ਹੋਵੇਗਾ। ਚੋਣ ਨਤੀਜਿਆਂ ਤੋਂ ਪਹਿਲਾਂ ਹਰਿਆਣਾ ਕਾਂਗਰਸ ਦੇ ਆਗੂਆਂ ਵਿੱਚ ਹਲ-ਚਲ ਤੇਜ਼ ਹੋ ਗਈ ਹੈ। ਕਾਂਗਰਸ ਦੀ ਸਾਬਕਾ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਵੱਲੋਂ ਸਾਲਾਸਰ ’ਚ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਗਿਆ ਜਦਕਿ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਕੇਦਾਰਨਾਥ ਧਾਮ ਮੱਥਾ ਟੇਕਣ ਲਈ ਪਹੁੰਚ ਗਏ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦਿੱਲੀ ’ਚ ਪ੍ਰੈੱਸ ਕਾਨਫਰੰਸ ਕੀਤੀ। ਹੁੱਡਾ ਨੇ ਕਿਹਾ ਕਿ ਉਹ ਨਾ ਥੱਕੇ ਹਨ ਅਤੇ ਨਾ ਹੀ ਰਿਟਾਇਰ ਹੋਏ ਹਨ। ਉਨ੍ਹਾਂ 2005 ਤੋਂ 2014 ਤੱਕ ਆਪਣੀ ਅਗਵਾਈ ਹੇਠ ਹਰਿਆਣਾ ’ਚ ਕੀਤੇ ਵਿਕਾਸ ਕੰਮਾਂ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਸੂਬੇ ’ਚ ਅਮਨ-ਕਾਨੂੰਨ ਦੀ ਵਿਗੜਦੀ ਹਾਲਤ ਚਿੰਤਾ ਦਾ ਵਿਸ਼ਾ ਹੈ। ਹੁੱਡਾ ਅਤੇ ਸ਼ੈਲਜਾ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਨੂੰ ਬਹੁਮਤ ਮਿਲਣ ਮਗਰੋਂ ਵਿਧਾਇਕਾਂ ਦੀ ਰਾਏ ਲੈਣ ਬਾਅਦ ਮੁੱਖ ਮੰਤਰੀ ਦੇ ਅਹੁਦੇ ਲਈ ਹਾਈ ਕਮਾਨ ਦਾ ਫ਼ੈਸਲਾ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਸ਼ੈਲਜਾ ਨੇ 90 ’ਚੋਂ 60 ਤੋਂ ਵਧ ਸੀਟਾਂ ’ਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਹਰ ਕਿਸੇ ਦੀਆਂ ਆਸਾਂ ਤੇ ਖਾਹਿਸ਼ਾਂ ਹਨ ਅਤੇ ਹਾਈ ਕਮਾਨ ਵੀ ਇਸ ਤੋਂ ਜਾਣੂ ਹੈ। ਸ਼ੈਲਜਾ ਨੇ ਕਿਹਾ ਕਿ ਜਦੋਂ ਤੱਕ ਆਖਰੀ ਐਲਾਨ ਨਹੀਂ ਹੋ ਜਾਂਦਾ, ਮੁੱਖ ਮੰਤਰੀ ਬਾਰੇ ਕਿਆਸਾਂ ਲਗਦੀਆਂ ਰਹਿਣਗੀਆਂ।

Advertisement
Author Image

sukhwinder singh

View all posts

Advertisement