ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੇ ਨਤੀਜੇ ਸ਼ਾਨਦਾਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੁਲਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਵੱਖ ਵੱਖ ਨਤੀਜਿਆਂ ’ਚ ਸ਼ਹਿਰ ਦੇ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ। ਸਥਾਨਕ ਖਾਲਸਾ ਕਾਲਜ ਫਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਵੀ ਐਮਐਸਸੀ ਗਣਿਤ ਦੂਜਾ ਸਮੈਸਟਰ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਈ। ਕਾਲਜ ਦੀ ਵਿਦਿਆਰਥਣ ਤਾਨਿਆ ਅਰੋੜਾ ਨੇ 92.8 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਦੂਜਾ ਸਥਾਨ ਅਤੇ ਕਾਲਜ ਵਿੱਚੋਂ ਪਹਿਲਾ, ਰਤਨਦੀਪ ਕੌਰ ਅਤੇ ਮਨਸ਼ਿਖਾ ਮਹਾਜਨ ਨੇ 90.8 ਅਤੇ 90.6 ਫੀਸਦੀ ਅੰਕਾਂ ਨਾਲ ’ਵਰਸਿਟੀ ਵਿੱਚੋਂ ਕ੍ਰਮਵਾਰ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। ਸੰਜੋਗਿਤਾ ਅਤੇ ਰਵਨੂਰ ਕੌਰ ਨੇ 88 ਫੀਸਦੀ ਨਾਲ ਸਾਂਝੇ ਤੌਰ ’ਤੇ ’ਵਰਸਿਟੀ ਵਿੱਚੋਂ ਸੱਤਵੀਂ ਪੁਜ਼ੀਸ਼ਨ ਹਾਸਲ ਕੀਤੀ। ਕਾਲਜ ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਚੰਗੇ ਅੰਕਾਂ ਨਾਲ ਪਾਸ ਹੋਈ ਵਿਦਿਆਰਥਣਾਂ ਅਤੇ ਸਬੰਧਤ ਵਿਭਾਗ ਦੇ ਸਟਾਫ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਰਾਮਗੜ੍ਹੀਆ ਗਰਲਜ਼ ਕਾਲਜ ਦੇ ਪੋਸਟ ਗ੍ਰੈਜੂਏਟ ਸੰਗੀਤ ਵਿਭਾਗ ‘ਗਾਇਨ’ ਦੇ ਨਤੀਜੇ ’ਚ ਕਾਲਜ ਦੀ ਵਿਦਿਆਰਥਣ ਰੁਚੀ ਗੁਪਤਾ ਅਤੇ ਅਨੁਰਾਧਾ ਪਾਂਡੇ ਨੇ 74.5 ਫੀਸਦੀ ਨੰਬਰਾਂ ਨਾਲ ’ਵਰਸਿਟੀ ਵਿੱਚੋਂ ਪੰਜਵਾਂ ਸਥਾਨ ਅਤੇ ਪ੍ਰਭਜੀਤ ਕੌਰ ਨੇ 73 ਫੀਸਦੀ ਨਾਲ ਸੱਤਵਾਂ ਸਥਾਨ ਪ੍ਰਾਪਤ ਕੀਤਾ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਜਸਪਾਲ ਕੌਰ ਨੇ ਵਿਦਿਆਰਥਣਾਂ, ਉਹਨਾਂ ਦੇ ਮਾਪਿਆਂ ਅਤੇ ਸੰਗੀਤ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਗੁਰੂ ਨਾਨਕ ਕਾਲਜ ਦੀ ਵਿਦਿਆਰਥਣ ਯੂਨੀਵਰਸਿਟੀ ’ਚੋਂ ਮੋਹਰੀ
ਦੋਰਾਹਾ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਐਲਾਨੇ ਬੀ.ਬੀ.ਏ ਸਮੈਸਟਰ ਚੌਥਾ ਦੇ ਨਤੀਜਿਆਂ ਵਿਚ ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ.ਨਿਰਲੇਪ ਕੌਰ ਨੇ ਦੱਸਿਆ ਕਿ ਵਿਦਿਆਰਥਣ ਰੀਮਾ ਕੁਮਾਰੀ ਨੇ 550 ਵਿਚੋਂ 463 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚੋਂ ਚੌਥਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਪ੍ਰੋ.ਰਣਜੀਤ ਕੌਰ ਅਤੇ ਪ੍ਰੋ.ਅਮਨਦੀਪ ਚੀਮਾ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਉਂਦਿਆਂ ਹੋਰ ਵਿਦਿਆਰਥੀਆਂ ਨੂੰ ਵੀ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। -ਪੱਤਰ ਪ੍ਰੇਰਕ