ਏਐੱਸਆਈ ਵੱਲੋਂ ਰੈਸਤਰਾਂ ਦੇ ਮੈਨੇਜਰ ਦੀ ਕੁੱਟਮਾਰ
ਪੱਤਰ ਪ੍ਰੇਰਕ
ਜਲੰਧਰ, 17 ਜੁਲਾਈ
ਇਥੋਂ ਦੇ ਪੀਪੀਆਰ ਮਾਰਕੀਟ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਵੱਲੋਂ ਰੈਸਤਰਾਂ ਦੇ ਮੈਨੇਜਰ ਦੀ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਪੁਲੀਸ ਮੁਲਾਜ਼ਮ ਮੈਨੇਜਰ ਦੇ ਕਥਿਤ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸੋਮਵਾਰ ਦੇਰ ਰਾਤ ਲਗਪਗ 11:30 ਵਜੇ ਪੀਪੀਆਰ ਮਾਰਕੀਟ ਵਿੱਚ ਚਿਕ ਚਿਕ ਨਾਮ ਦੇ ਇੱਕ ਰੈਸਤਰਾਂ ਦੀ ਹੈ। ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ ਰੈਸਟੋਰੈਂਟ ਦਾ ਸਟਾਫ਼ ਸਾਮਾਨ ਪੈਕ ਕਰ ਰਿਹਾ ਸੀ। ਰੈਸਤਰਾਂ ਅੰਦਰ ਗਾਹਕ ਬੈਠਾ ਸੀ, ਇਸ ਲਈ ਸ਼ਟਰ ਡਾਊਨ ਨਹੀਂ ਕੀਤਾ ਸੀ। ਇਸ ਦੌਰਾਨ ਇੱਕ ਏਐਸਆਈ ਅੰਦਰ ਆਇਆ ਅਤੇ ਮੈਨੇਜਰ ਰਾਹੁਲ ਨੂੰ ਗਲੇ ਤੋਂ ਫੜ ਕੇ ਬਾਹਰ ਲੈ ਗਿਆ। ਏਐੱਸਆਈ ਨੇ ਉਸ ਨੂੰ ਥੱਪੜ ਮਾਰ ਕੇ ਸੜਕ ’ਤੇ ਬਿਠਾ ਲਿਆ। ਮੈਨੇਜਰ ਨੇ ਦੋਸ਼ ਲਾਇਆ ਕਿ ਉਸ ਦੇ ਰੈਸਤਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਜਦੋਂਕਿ ਉਸ ਰਾਤ ਪੀਪੀਆਰ ਮਾਰਕੀਟ ਵਿੱਚ ਹੋਰ ਰੈਸਤਰਾਂ ਵੀ ਖੁੱਲ੍ਹੇ ਸਨ। ਇਸੇ ਦੌਰਾਨ ਰੈਸਤਰਾਂ ਦੇ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਇੱਕ ਪੁਲੀਸ ਮੁਲਾਜ਼ਮ ਦੁਪਹਿਰ ਸਮੇਂ ਖਾਣਾ ਲੈਣ ਆਇਆ ਸੀ ਪਰ ਤੰਦੂਰ ਤਿਆਰ ਨਾ ਹੋਣ ਕਾਰਨ ਉਨ੍ਹਾਂ ਜਵਾਬ ਦੇ ਦਿੱਤਾ।
ਉਧਰ, ਮਾਡਲ ਟਾਊਨ ਦੇ ਏਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਰੈਸਟੋਰੈਂਟ ਅੱਧੀ ਰਾਤ ਨੂੰ ਬੰਦ ਹੋਣ ਦੇ ਸਮੇਂ ਤੋਂ ਬਾਅਦ ਚੱਲ ਰਿਹਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਰੀਆਂ ਦੁਕਾਨਾਂ ਰਾਤ 12 ਵਜੇ ਤੱਕ ਬੰਦ ਕਰਨ ਦੇ ਸਖਤ ਆਦੇਸ਼ ਹਨ। ਰੈਸਤਰਾਂ ਨੂੰ ਪਹਿਲਾਂ ਵੀ ਕਈ ਵਾਰ ਚਿਤਾਵਨੀ ਦਿੱਤੀ ਗਈ ਹੈ ਅਤੇ ਸਮੇਂ ਦੀ ਪਾਲਣਾ ਨਾ ਕਰਨ ਲਈ ਤਿੰਨ ਵਾਰ ਨੋਟਿਸ ਵੀ ਦਿੱਤਾ ਗਿਆ ਹੈ। ਮੈਨੇਜਰ ਨਾਲ ਦੁਰਵਿਵਹਾਰ ਮਾਮਲੇ ’ਤੇ ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਅਧਿਕਾਰੀ ਦੀਆਂ ਕਾਰਵਾਈਆਂ ਰੈਸਤਰਾਂ ਦੇ ਸਟਾਫ਼ ਅਤੇ ਮੈਨੇਜਰ ਦੀ ਬਦਸਲੂਕੀ ਦਾ ਪ੍ਰਤੀਕਰਮ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਰੈਸਤਰਾਂ ਦੇ ਮਾਲਕ ਨੂੰ ਸਖ਼ਤ ਚਿਤਾਵਨੀ ਮਗਰੋਂ ਛੱਡ ਦਿੱਤਾ ਗਿਆ ਸੀ।
ਰੈਸਤਰਾਂ, ਕਲੱਬ ਤੇ ਦੁਕਾਨਾਂ ਰਾਤ 12 ਵਜੇ ਤੱਕ ਬੰਦ ਕਰਨ ਦੇ ਹੁਕਮ
ਜਲੰਧਰ (ਪੱਤਰ ਪ੍ਰੇਰਕ): ਪੁਲੀਸ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਵਿੱਚ ਅਮਨ-ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਪੁਲੀਸ (ਇੰਵੇਸਟੀਗੇਸ਼ਨ) ਅਦਿੱਤਿਆ ਐੱਸ ਵਾਰੀਅਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਸਮੁੱਚੇ ਰੈਸਤਰਾਂ, ਕਲੱਬ ਅਤੇ ਹੋਰ ਲਾਇਸੰਸ ਪ੍ਰਾਪਤ ਖਾਣ-ਪੀਣ ਵਾਲੀਆਂ ਥਾਵਾਂ ਅੱਧੀ ਰਾਤ 12 ਵਜੇ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਕਿਸੇ ਵੀ ਨਵੇਂ ਗਾਹਕ ਨੂੰ ਰਾਤ 11:30 ਤੋਂ ਬਾਅਦ ਰੈਸਟੋਰੈਂਟਾਂ, ਕਲੱਬਾਂ ਜਾਂ ਹੋਰ ਲਾਇਸੰਸਸ਼ੁਦਾ ਖਾਣ-ਪੀਣ ਵਾਲੀ ਥਾਵਾਂ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਰਾਬ ਦੀਆਂ ਦੁਕਾਨਾਂ ਨਾਲ ਲੱਗਦੇ ਅਹਾਤੇ ਰਾਤ 12 ਵਜੇ ਜਾਂ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਮੁਕੰਮਲ ਬੰਦ ਹੋ ਜਾਣੇ ਚਾਹੀਦੇ ਹਨ।