ਵਰ੍ਹਦੇ ਮੀਂਹ ਵਿੱਚ ਟਰੈਫ਼ਿਕ ਕੰਟਰੋਲ ਕਰਨ ਵਾਲੇ ਏਐੱਸਆਈ ਦਾ ਸਨਮਾਨ
ਪੱਤਰ ਪ੍ਰੇਰਕ
ਬਨੂੜ, 6 ਜੁਲਾਈ
ਪਿਛਲੇ ਦਿਨੀਂ ਬਨੂੜ ਵਿੱਚ ਹੋਈ ਭਾਰੀ ਬਾਰਿਸ਼ ਦੌਰਾਨ ਬਨੂੜ ਬੈਰੀਅਰ ’ਤੇ ਬਣੀ ਜਾਮ ਵਰਗੀ ਸਥਿਤੀ ਨੂੰ ਵਰ੍ਹਦੇ ਮੀਂਹ ਵਿੱਚ ਭਿੱਜੇ ਕੱਪੜਿਆਂ ਤੇ ਨੰਗੇ ਪੈਰ ਕੰਟਰੋਲ ਕਰ ਕੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਟਰੈਫ਼ਿਕ ਪੁਲੀਸ ਦੇ ਇੰਚਾਰਜ ਰਣਧੀਰ ਸਿੰਘ ਦੀ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਪਿੱਠ ਥਾਪੜੀ ਹੈ। ਪੰਜਾਬ ਦੇ ਏਡੀਜੀਪੀ (ਟਰੈਫ਼ਿਕ) ਅਮਰਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਪੁਲੀਸ ਮੁਖੀ ਪਟਿਆਲਾ ਵਰੁਣ ਕੁਮਾਰ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ। ਰਣਧੀਰ ਸਿੰਘ ਨੇ ਆਪਣੇ ਸਹਿਯੋਗੀ ਸਟਾਫ਼ ਏਐੱਸਆਈ ਮਲੂਕ ਸਿੰਘ, ਸਤੀਸ਼ ਕੁਮਾਰ, ਪਰਮਜੀਤ ਸਿੰਘ ਨੂੰ ਨਾਲ ਲੈ ਕੇ ਤੇਜ਼ ਮੀਂਹ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਸਨ। ਅਜਿਹਾ ਕਰਦੇ ਸਮੇਂ ਉਨ੍ਹਾਂ ਦੇ ਪੈਰਾਂ ਵਿੱਚ ਵੀ ਛਾਲੇ ਪੈ ਗਏ ਸਨ। ਅਜਿਹਾ ਕਰਦਿਆਂ ਟਰੈਫ਼ਿਕ ਇੰਚਾਰਜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਦੀ ਚੁਫੇਰਿਓਂ ਸ਼ਲਾਘਾ ਹੋਈ ਸੀ। ਉਪੋਰਕਤ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਇਸ ਟੀਮ ਤੋਂ ਸੇਧ ਲੈਣੀ ਚਾਹੀਦੀ ਹੈ। ਟਰੈਫ਼ਿਕ ਇੰਚਾਰਜ ਰਣਧੀਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।