ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਦਾ ਵਿਧਾਇਕ ਵੱਲੋਂ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 14 ਅਕਤੂਬਰ
ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਹਲਕੇ ਦੀਆਂ ਸਰਬਸੰਮਤੀ ਨਾਲ ਚੁਣੀਆਂ 53 ਪੰਚਾਇਤਾਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਹਲਕੇ ਦੀਆਂ ਨਿਰਵਿਰੋਧ ਬਣੀਆਂ ਪੰਚਾਇਤਾਂ ਦਾ ਇੱਕੋ-ਇੱਕ ਏਜੰਡਾ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ। ਸਨਮਾਨ ਸਮਾਗਮ ਦੌਰਾਨ ਸਰਪੰਚਾਂ ਤੇ ਪੰਚਾਂ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਲਕੇ ਵਿੱਚੋਂ 53 ਪੰਚਾਇਤਾਂ ਬਿਨਾਂ ਮੁਕਾਬਲਾ ਚੁਣੀਆਂ ਗਈਆਂ ਹਨ ਅਤੇ ਗੁੱਟਬੰਦੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਏਜੰਡੇ ਵਿੱਚ ਉਨ੍ਹਾਂ ਦੇ ਵਿਸ਼ਵਾਸ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਇੱਕੋ-ਇੱਕ ਟੀਚਾ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ। ਉਨ੍ਹਾਂ ਚੁਣੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਾਸੀਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ।
ਇਸ ਮੌਕੇ ਸਿਆਸੀ ਸਕੱਤਰ ਜਗਤਾਰ ਸਿੰਘ ਘੜੂੰਆਂ ਚੇਅਰਮੈਨ ਐੱਨਪੀ ਰਾਣਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਭੂਰਾ , ਰਜਿੰਦਰ ਸਿੰਘ ਰਾਜਾ, ਨਵਦੀਪ ਸਿੰਘ ਟੋਨੀ, ਗੁਰਬੀਰ ਸਿੰਘ ਗੁਰੀ, ਕੇਸਰ ਸਿੰਘ, ਮੋਹਣ ਸਿੰਘ, ਅੰਮ੍ਰਿਤਪਾਲ ਕੌਰ ਅਤੇ ਮਨਜੀਤ ਕੌਰ ਆਦਿ ਹਾਜ਼ਰ ਸਨ।
ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ
ਚਮਕੌਰ ਸਾਹਿਬ ਬਲਾਕ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਵਿੱਚ ਪਿੰਡ ਭੂਰੜੇ, ਮਹਿਤੋਤ, ਭੋਜੇਮਾਜਰਾ, ਬੰਗੀਆ, ਪੱਥਰ ਮਾਜਰਾ, ਸਾਰੰਗਪੁਰ , ਫਤਿਹਪੁਰ ਥੇੜੀ, ਸੰਗਤਪੁਰਾ, ਚਤਾਮਲੀ, ਕੋਟਲੀ, ਭਾਊਵਾਲ, ਮੁਗਲ ਮਜਰੀ, ਕਲਹੇੜੀ, ਰਾਮਪੁਰ ਬੇਟ, ਬੱਲਾ, ਸਮਾਣਾ ਕਲਾਂ, ਸਲੇਮਪੁਰ, ਤਾਲਾਪੁਰ, ਗਧਰਾਮ ਖ਼ੁਰਦ, ਦੇਹਕਲਾ, ਮਲਕਪੁਰ ਤੇ ਊਧਮਪੁਰ ਆਦਿ ਸ਼ਾਮਲ ਹਨ।