ਸਰਬਸੰਮਤੀ ਵਾਲੀਆਂ ਪੰਚਾਇਤਾਂ ਦਾ ਸਨਮਾਨ
ਸਤ ਪ੍ਰਕਾਸ਼ ਸਿੰਗਲਾ
ਬਰੇਟਾ, 1 ਦਸੰਬਰ
ਇਥੋਂ ਨੇੜਲੇ ਪਿੰਡ ਬਹਾਦਰਪੁਰ ਵਿੱਚ ਇਲਾਕਾ ਵਿਕਾਸ ਕਮੇਟੀ ਬਰੇਟਾ ਵੱਲੋਂ ਪੰਚਾਇਤ ਮਿਲਣੀ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਨਵੇਂ ਚੁਣੇ ਪੰਚਾਂ ਅਤੇ ਸਰਪੰਚਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਪੰਚਾਇਤੀ ਰਾਜ ਐਕਟ ਜ਼ਰੂਰ ਪੜ੍ਹਨ। ਗ੍ਰਾਮ ਸਭਾ ਦੀ ਮੀਟਿੰਗ ਹਕੀਕੀ ਰੂਪ ਵਿੱਚ ਬੁਲਾਉਣ ਅਤੇ ਮਨਰੇਗਾ ਦਾ ਇਜਲਾਸ ਅਗਸਤ ਮਹੀਨੇ ਬੁਲਾ ਕੇ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਸਾਰੇ ਜੌਬ ਕਾਰਡ ਧਾਰਕਾਂ ਲਈ 100 ਦਿਨ ਦਾ ਕੰਮ ਯਕੀਨੀ ਬਣਾਉਣ ਦੀ ਵੀ ਮੰਗ ਕੀਤੀ ਗਈ। ਸਰਪੰਚ ਪ੍ਰੀਤਇੰਦਰਪਾਲ ਸਿੰਘ ਨੇ ਦੱਸਿਆ ਕਿ ਸਿਰਫ ਗਲੀਆਂ ਨਾਲੀਆਂ ਬਣਾਉਣ ਨਾਲ ਪਿੰਡ ਵਿਕਸਤ ਨਹੀਂ ਹੋ ਸਕਦਾ ਸਗੋਂ ਇਮਾਨਦਾਰੀ ਨਾਲ ਨਿਰਪੱਖ ਵਿਹਾਰ ਕਰਦੇ ਹੋਏ ਗ੍ਰਾਮ ਸਭਾ ਦੀ ਤਾਕਤ ਨਾਲ਼ ਸਰਵਪੱਖੀ ਵਿਕਾਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਕੋਈ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ। ਸੀਵਰੇਜ ਦਾ ਪਾਣੀ ਟ੍ਰੀਟ ਕਰਕੇ ਸਿੰਜਾਈ ਲਈ ਵਰਤਿਆ ਜਾਂਦਾ ਹੈ। ਇਸ ਮੌਕੇ ਸਰਬਸੰਮਤੀ ਨਾਲ ਚੁਣੇ ਪੰਚਾਂ-ਸਰਪੰਚਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਗੁਰਜੰਟ ਸਿੰਘ ਸਾਬਕਾ ਸਕਤੱਰ ਵੱਲੋਂ ਪੰਚਾਇਤ ਪ੍ਰਕਾਸ਼ ਪੁਸਤਕ ਤੋਹਫ਼ੇ ਵਜੋਂ ਦਿੱਤੀ ਗਈ। ਗੁਰਦੁਆਰਾ ਸ੍ਰੀ ਜੰਡਸਰ ਸਾਹਿਬ ਬਹਾਦਰਪੁਰ ਵੱਲੋਂ ਲੰਗਰ ਅਤੇ ਹਾਲ ਦੀ ਸੇਵਾ ਕਰਕੇ ਯੋਗਦਾਨ ਪਾਇਆ। ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਇਲਾਕੇ ਦੇ ਬੱਚਿਆਂ ਦਾ ਸਨਮਾਨ ਵੀ ਕੀਤਾ।