ਵਿਕਾਸ ਕੇਂਦਰ ਭੂਨਾ ਵਿੱਚ ਕਿਸਾਨਾਂ ਦਾ ਸਨਮਾਨ
ਪੱਤਰ ਪ੍ਰੇਰਕ
ਟੋਹਾਣਾ, 2 ਫਰਵਰੀ
ਹਰਿਆਣਾ ਅਮਰੂਦ ਵਿਕਾਸ ਕੇਂਦਰ ਭੂਨਾ ਵਿੱਚ ਕਿਸਾਨਾਂ ਨੂੰ ਬਾਗਬਾਨੀ ਵੱਲ ਪ੍ਰੇਰਿਤ ਕਰਨ ਲਈ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਹਰਿਆਣਾ ਖੇਤੀਬਾੜੀ ਦੇ ਵਿਗਿਆਨੀ, ਜ਼ਿਲ੍ਹਾ ਬਾਗਬਾਨੀ ਅਫ਼ਸਰਾਂ ਤੋਂ ਇਲਾਵਾ ਸੂਬੇ ਦੇ 1100 ਬਾਗਬਾਨੀ ਕਿਸਾਨਾਂ ਨੇ ਹਾਜ਼ਰੀ ਲਵਾਈ। ਫਤਿਹਾਬਾਦ ਵਿਧਾਇਕ ਦੂੜਾ ਰਾਮ ਨੇ ਸਮਾਗਮ ਵਿੱਚ ਸੂੁਬੇ ਦੇ ਅਮਰੂਦ ਦੀ ਫ਼ਸਲ ਲਈ ਪਾਏਦਾਰ ਕੰਮ ਕਰਨ ਵਾਲੇ ਪੰਜ ਕਿਸਾਨਾਂ ਬਲਵਾਨ ਸਿੰਘ ਹਿਸਾਰ, ਵਿਜੈ ਸ਼ਰਮਾ ਹਿਸਾਰ, ਫਤਿਹਾਬਾਦ ਦੇ ਧੀਰਜ, ਵਿਰੇਂਦਰ ਰੋਹਤਕ ਨੂੰ 11-11 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਪੰਜ ਕਿਸਾਨਾਂ ਪੰਕਜ ਹਿਸਾਰ, ਜਿਤੇਂਦਰ ਰੋਹਤਕ, ਪ੍ਰਵੀਪ ਤੇ ਨਵਦੀਪ ਫਤਿਹਾਬਾਦ, ਰੇਖਾ ਭਾਟੀਆ ਸਿਰਸਾ ਨੂੰ 5-5 ਹਜ਼ਾਰ ਦੇ ਨਕਦ ਇਨਾਮ ਦੇ ਕੇ ਸਨਮਾਨਿਆ। ਵਿਧਾਇਕ ਨੇ ਭੂਨਾ ਅਮਰੂਦ ਖੋਜ ਕੇਂਦਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਨਾਲ ਜਿਥੇ ਸੂਬੇ ਦੇ ਕਿਸਾਨਾਂ ਨੂੰ ਭਰਵਾਂ ਲਾਭ ਹੋਇਆ ਹੈ, ਉਥੇ ਹੀ ਫਤਿਹਾਬਾਦ ਵਿੱਚ ਅਮਰੂਦ ਦੀ ਕ੍ਰਾਂਤੀ ਆਈ ਹੈ। ਖੇਤੀਬਾੜੀ ’ਵਰਸਿਟੀ ਹਿਸਾਰ ਦੇ ਵਿਗਿਆਨੀਆਂ ਦੀ ਟੀਮ ਨੇ ਅਮਰੂਦ ਦੀ ਫਸਲ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਪਰੇਅ ਸਬੰਧੀ ਜਾਣਕਾਰੀ ਤੇ ਲਿਟਰੇਚਰ ਵੰਡਿਆ। ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਰਣਬੀਰ ਸਿੰਘ ਤੇ ਵਧੀਕ ਡਾਇਰੈਕਟਰ ਧਰਮ ਸਿੰਘ ਯਾਦਵ ਨੇ ਕਿਹਾ ਕਿ ਅਮਰੂਦ ਨਰਸਰੀ ਹਿਸਾਰ ਵਿੱਚ ਸਫੈਦਾ ਤੇ ਅਮਰੂਦ ਦੇ ਪੌਦੇ ਕਿਸਾਨਾਂ ਲਈ ਉਪਲਬੱਧ ਹਨ। ਬਾਗ ਲਾਉਣ ਵਾਲੇ ਕਿਸਾਨਾਂ ਨੂੰ ਸੂਬਾ ਸਰਕਾਰ 50 ਤੋਂ 85 ਪ੍ਰਤੀਸ਼ਤ ਰਾਸ਼ੀ ਦੇ ਰਹੀ ਹੈ ਤੇ ਕਿਸਾਨਾਂ ਨੂੰ ਖਾਦਾਂ, ਮਿੱਟੀ ਤੇ ਪਾਣੀ ਦੀ ਟੈਸਟਿੰਗ ਬਾਰੇ ਖੇਤ ਵਿੱਚ ਪੁੱਜ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ।