ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਸਬੰਧਤ ਮਤੇ ਸਰਬਸੰਮਤੀ ਨਾਲ ਪ੍ਰਵਾਨ
ਹਰਦਮ ਮਾਨ
ਸਰੀ:
ਜੀਵੇ ਪੰਜਾਬ ਅਦਬੀ ਸੰਗਤ ਫਾਊਂਡੇਸ਼ਨ ਸਰੀ ਵੱਲੋਂ ਸਰੀ ਵਿੱਚ ਵਿਸ਼ਵ ਪੰਜਾਬੀ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ‘ਪੰਜਾਬ ਦੀ ਦਸ਼ਾ ਤੇ ਦਿਸ਼ਾ’ ਉੱਪਰ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਕੈਨੇਡਾ ਦੇ ਵਿਦਵਾਨਾਂ ਨੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ‘ਪੰਜਾਬੀ ਦਰਸ਼ਨ’ ਵਿਸ਼ੇ ਦੀ ਅਹਿਮੀਅਤ ਨੂੰ ਵਿਚਾਰਿਆ। ਭੁਪਿੰਦਰ ਸਿੰਘ ਮੱਲ੍ਹੀ ਅਤੇ ਸੁੱਚਾ ਸਿੰਘ ਦੀਪਕ ਦੀ ਅਗਵਾਈ ਵਿੱਚ ਇਹ ਸੈਮੀਨਾਰ ਸਾਥੀ ਹਰਦਿਆਲ ਸਿੰਘ ਬੈਂਸ, ਡਾ. ਪ੍ਰੇਮ ਪ੍ਰਕਾਸ਼ ਸਿੰਘ, ਡਾ. ਕਰਨੈਲ ਸਿੰਘ ਥਿੰਦ, ਪ੍ਰੋਫੈਸਰ ਪ੍ਰੀਤਮ ਸਿੰਘ, ਕਵੀ ਹਰਭਜਨ ਸਿੰਘ ਬੈਂਸ, ਸਮੀਨਾ ਹੁਸੈਨ ਸਈਅਦ ਅਤੇ ਚਾਰਲਸ ਬੋਇਲਨ ਸਮੇਤ ਮਹਾਨ ਸ਼ਖ਼ਸੀਅਤਾਂ ਨੂੰ ਸਮਰਪਿਤ ਸੀ।
ਸੈਮੀਨਰ ਵਿੱਚ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਕੁਝ ਅਹਿਮ ਅਤੇ ਮਹੱਤਵਪੂਰਨ ਮਤੇ ਪੜ੍ਹੇ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਨ੍ਹਾਂ ਮਤਿਆਂ ਰਾਹੀਂ ਭਾਰਤ ਅਤੇ ਪਾਕਿਸਤਾਨ ਦੇ ਪੰਜਾਬਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਜੰਗ ਖਿਲਾਫ਼ ਸਖ਼ਤ ਸ਼ਬਦਾਂ ਵਿੱਚ ਵਿਰੋਧ ਪ੍ਰਗਟਾਉਣ, ਪੰਜਾਬੀਆਂ ਨੂੰ ਭੂਗੋਲਿਕ ਟੁਕੜਿਆਂ ’ਚ ਵੰਡਣ ਦੀ ਥਾਂ ‘ਇੱਕੋ ਪੰਜਾਬ’ ਦੇ ਰੂਪ ਵਿੱਚ ਸਵਿਕਾਰ ਕਰਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਸਮੂਹ ਪੰਜਾਬੀ ਸੰਸਥਾਵਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ, ਕੈਨੇਡਾ ਦੇ ਮੂਲ ਨਿਵਾਸੀਆਂ ’ਤੇ ਹੋਏ ਤਸ਼ੱਦਦ ਅਤੇ ਰੈਜੀਡੈਂਸ਼ੀਅਲ ਸਕੂਲਾਂ ਰਾਹੀਂ ਹੋਈ ਨਸਲਕੁਸ਼ੀ ਨੂੰ ਨਾ ਮੁਆਫ਼ ਕਰਨਯੋਗ ਅਪਰਾਧ ਕਰਾਰ ਦੇਣ ਆਦਿ ਦੀ ਮੰਗ ਕੀਤੀ ਗਈ।
ਸੈਮੀਨਾਰ ਵਿੱਚ ਭਾਰਤ ਤੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਡਾ. ਪਿਆਰੇ ਲਾਲ ਗਰਗ ਨੇ ‘ਪੰਜਾਬੀ ਦਰਸ਼ਨ’ ਵਿਸ਼ੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਯੂਨੀਵਰਸਿਟੀ ਲਾਹੌਰ ਦੇ ਪ੍ਰੋਫੈਸਰ ਡਾ. ਆਸਮਾ ਕਾਦਰੀ, ਇਤਿਹਾਸਕਾਰ ਡਾ. ਗੁਰਦੇਵ ਸਿੰਘ ਸਿੱਧੂ, ਡਾ. ਬਾਵਾ ਸਿੰਘ, ਐਡਵੋਕੇਟ ਮਿੱਤਰ ਸੈਨ ਮੀਤ, ਡਾ. ਸੁੱਚਾ ਸਿੰਘ ਗਿੱਲ, ਡਾ. ਗੁਰਵਿੰਦਰ ਸਿੰਘ ਤੇ ਨੁਜ਼ਹਤ ਅੱਬਾਸ ਨੇ ਵੱਖ ਵੱਖ ਵਿਸ਼ਿਆਂ ’ਤੇ ਆਪਣੇ ਵਿਚਾਰ ਰੱਖੇ। ਪ੍ਰਬੰਧਕਾਂ ਵੱਲੋਂ ਸਾਰੇ ਵਿਦਵਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਪਲੀ ਸੰਸਥਾ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੂੰ ਪੰਜਾਬੀ ਬੋਲੀ ਪ੍ਰਤੀ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਸੈਮੀਨਾਰ ਦਾ ਸੰਚਾਲਨ ਨਵਰੂਪ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਅੰਤ ਵਿੱਚ ਭੁਪਿੰਦਰਸਿੰਘ ਮੱਲ੍ਹੀ ਨੇ ਸਾਰੇ ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸੈਮੀਨਾਰ ਵਿੱਚ ਰਿੱਕੀ ਬਾਜਵਾ, ਡਾ. ਫਰੀਦ ਸਈਅਦ, ਪ੍ਰਭਜੋਤ ਬੈਂਸ, ਰਣਜੀਤ ਸਿੰਘ ਕਲਸੀ, ਰਾਜ ਸਿੰਘ ਭੰਡਾਲ ਅਤੇ ਗੁਰਬਚਨ ਸਿੰਘ ਖੁੱਡੇਵਾਲਾ ਅਤੇ ਵਲੰਟੀਅਰਾਂ ਦਾ ਭਰਪੂਰ ਸਹਿਯੋਗ ਰਿਹਾ।
ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਨਮਾਨ
ਸਰੀ:
ਬੀਤੇ ਦਿਨ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪੰਜਾਬ ਤੋਂ ਆਏ ਪੰਜਾਬੀ ਲੇਖਕ ਡਾਕਟਰ ਲਖਬੀਰ ਸਿੰਘ ਨਾਮਧਾਰੀ ਦੇ ਮਾਣ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉਸ ਬਾਰੇ ਜਾਣ ਪਛਾਣ ਕਰਵਾਉਂਦਿਆਂ ਪੰਜਾਬੀ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਾਹਿਤਕ ਗਤੀਵਿਧੀਆਂ ਵਿੱਚ ਵਡਮੁੱਲਾ ਕਾਰਜ ਹੈ। ਉਸ ਦੀਆਂ ਦੋ ਪੁਸਤਕਾਂ ‘ਚੱਲ ਮਾਲਵਾ ਦੇਸ਼ ਨੂੰ ਚੱਲੀਏ’ ਅਤੇ ‘ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਤੀਜੀ ਪੁਸਤਕ ‘ਮਾਲਵੇ ਦੇ ਪੁਰਾਤਨ ਰੁੱਖ’ ਛਪਾਈ ਅਧੀਨ ਹੈ। ਉਸ ਨੇ ਨਾਮਧਾਰੀ ਸ਼ਹੀਦਾਂ, ਸਾਕੇ, ਘੱਲੂਘਾਰੇ, ਵਿਰਸੇ ਅਤੇ ਵਿਰਾਸਤ ਹਿੱਤ ਚੋਖਾ ਕਾਰਜ ਕੀਤਾ ਹੈ।
ਡਾ. ਗੁਰਦੇਵ ਸਿੰਘ ਸਿੱਧੂ ਨੇ ਡਾਕਟਰ ਲਖਬੀਰ ਸਿੰਘ ਨਾਮਧਾਰੀ ਬਾਰੇ ਕਿਹਾ ਕਿ ਉਸ ਦਾ ਵਿਸ਼ੇਸ਼ ਖੇਤਰ ਨਾਮਧਾਰੀ ਇਤਿਹਾਸ ਹੈ। ਉਸ ਨੇ ਨਾਮਧਾਰੀ ਸ਼ਹੀਦਾਂ ਬਾਰੇ ਜਾਣਕਾਰੀ ਇਕੱਤਰ ਕਰ ਕੇ ਨਾਮਧਾਰੀ ਸੰਗਤ ਅਤੇ ਦੂਸਰੇ ਪਾਠਕਾਂ ਤੀਕ ਪਹੁੰਚਾਉਣ ਦਾ ਵਡੇਰਾ ਕਾਰਜ ਕੀਤਾ ਹੈ। ਇਸ ਤੋਂ ਇਲਾਵਾ ਪੁਰਾਣੇ ਰੁੱਖ ਜਿਨ੍ਹਾਂ ਨੂੰ ਅਸੀਂ ਵਿਸਾਰ ਦਿੱਤਾ ਹੈ, ਉਨ੍ਹਾਂ ਨੂੰ ਮੁੜ ਜੀਵਤ ਕਰਨ ਵਿੱਚ ਉਸ ਨੇ ਕਾਫ਼ੀ ਮਹੱਤਵਪੂਰਨ ਕਾਰਜ ਕੀਤਾ ਹੈ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਆਗੂ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਨਾਮਧਾਰੀ ਇਤਿਹਾਸ ਨੂੰ ਸੁਰਜੀਤ ਕਰਨਾ, ਭੁੱਲੇ ਵਿਸਰੇ ਸ਼ਹੀਦਾਂ ਬਾਰੇ ਜਾਣਕਾਰੀ ਲੋਕਾਂ ਤੀਕ ਪਹੁੰਚਾਉਣਾ ਅਤੇ ਪੁਰਾਣੇ ਦਰੱਖਤਾਂ ਨਾਲ ਦੀ ਨਵੇਂ ਸਿਰਿਓਂ ਨਵੀਂ ਉਮੀਦ ਜਗਾਉਣੀ, ਉਸ ਦੇ ਅਜਿਹੇ ਕੰਮ ਬਹੁਤ ਧੰਨਤਾ ਦੇ ਯੋਗ ਹਨ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਸੰਚਾਲਕ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਡਾ. ਲਖਬੀਰ ਸਿੰਘ ਵਰਗੇ ਵਿਦਵਾਨਾਂ ਦੀ ਭਾਈਚਾਰੇ ਨੂੰ ਬਹੁਤ ਲੋੜ ਹੈ।
ਡਾਕਟਰ ਲਖਬੀਰ ਸਿੰਘ ਨਾਮਧਾਰੀ ਨੇ ਕਿਹਾ ਕਿ ਉਹ ‘ਪੰਜਾਬੀ ਸੱਥ’ ਨਾਲ ਜੁੜਿਆ ਹੋਇਆ ਹੈ ਅਤੇ ਮਲਵਈ ਪੰਜਾਬੀ ਸੱਥ ਦਾ ਇੰਚਾਰਜ ਹੈ। ਆਪਣੇ ਲਿਖਣ ਕਾਰਜ ਬਾਰੇ ਸੰਖੇਪ ਵਿੱਚ ਦੱਸਿਆ। ਅੰਤ ਵਿੱਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਜੈਤੇਗ ਸਿੰਘ ਅਨੰਤ ਨੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਡਾਕਟਰ ਲਖਬੀਰ ਸਿੰਘ ਨਾਮਧਾਰੀ ਅਤੇ ਬਸੰਤ ਸਿੰਘ ਨਾਮਧਾਰੀ ਨੂੰ ਤਿੰਨਾਂ ਸੰਸਥਾਵਾਂ ਵੱਲੋਂ ਜੈਤੇਗ ਸਿੰਘ ਅਨੰਤ, ਗਿਆਨ ਸਿੰਘ ਸੰਧੂ, ਸੁਰਿੰਦਰ ਸਿੰਘ ਜੱਬਲ, ਚਰਨਜੀਤ ਸਿੰਘ ਮਰਵਾਹਾ, ਡਾ. ਗੁਰਦੇਵ ਸਿੰਘ ਸਿੱਧੂ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਖੰਗੂੜਾ, ਜਰਨੈਲ ਸਿੰਘ ਸਿੱਧੂ ਨੇ ਸਿਰੋਪਾਓ ਅਤੇ ਵਡਮੁੱਲੀਆਂ ਪੁਸਤਕਾਂ ਨਾਲ ਸਨਮਾਨਿਤ ਕੀਤਾ।
ਸੰਪਰਕ: +1 604 308 6663