ਨਗਰ ਕੌਂਸਲ ਦੀ ਮੀਟਿੰਗ ’ਚ ਵਿਕਾਸ ਕਾਰਜਾਂ ਲਈ ਮਤੇ ਪਾਸ
ਪੱਤਰ ਪ੍ਰੇਰਕ
ਟਾਂਡਾ, 31 ਅਗਸਤ
ਇੱਥੋਂ ਦੀ ਨਗਰ ਕੌਂਸਲ ਵਿੱਚ ਅੱਜ ਵਿਸ਼ੇਸ਼ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਈ ਅਹਿਮ ਮਤੇ ਪਾਸ ਕੀਤੇ ਗਏ। ਕਾਰਜਸਾਧਕ ਅਫ਼ਸਰ ਰਾਮ ਪ੍ਰਕਾਸ਼ ਅਤੇ ਪ੍ਰਧਾਨ ਗੁਰਸੇਵਕ ਮਾਰਸ਼ਲ ਦੀ ਅਗਵਾਈ ਹੇਠ ਮੀਟਿੰਗ ’ਚ ਸਮੂਹ ਕੌਂਸਲਰ ਸ਼ਾਮਲ ਹੋਏ। ਮੀਟਿੰਗ ਮਗਰੋਂ ਪ੍ਰਧਾਨ ਮਾਰਸ਼ਲ ਨੇ ਦੱਸਿਆ ਕਿ ਮੀਟਿੰਗ ’ਚ ਵੱਖ-ਵੱਖ ਵਾਰਡਾਂ ਵਿਚ ਸੀਵਰੇਜ ਅਤੇ ਵਾਟਰ ਸਪਲਾਈ ਲਾਈਨ ਪਾਉਣ ’ਤੇ ਜ਼ੋਰ ਦਿੱਤਾ ਗਿਆ। ਜਿਸ ਵਿੱਚ ਬਾਬਾ ਫੁੱਟਾ ਵਾਲਾ ਰੋਡ ਅਤੇ ਉੜਮੁੜ ਗਲੀ ਲਈ ਵਾਟਰ ਸਪਲਾਈ ਪਾਈਪ ਲਾਈਨ ਪਾਉਣ ਲਈ ਲਗਪਗ 6 ਲੱਖ ਰੁਪਏ ਖਰਚਣ ਦਾ ਮਤਾ ਪਾਸ ਕੀਤਾ। ਜਦਕਿ ਵਾਰਡ 14 ਵਿਚ ਵਿਪਨ ਮਰਵਾਹਾ ਦੇ ਘਰ ਨੇੜਿਓਂ ਗੁਰੂ ਨਾਨਕ ਆਈ ਹਸਪਤਾਲ ਵੱਲ ਸੀਵਰੇਜ ਲਾਈਨ ਲਈ 22 ਲੱਖ 7 ਹਜ਼ਾਰ ਰੁਪਏ ਅਤੇ ਵਾਟਰ ਸਪਲਾਈ ਲਈ 12 ਲੱਖ 34 ਹਜ਼ਾਰ ਰੁਪਏ ਖਰਚ ਕਰਨ ਦਾ ਮਤਾ ਪਾਸ ਕੀਤਾ। ਇਸੇ ਤਰ੍ਹਾਂ ਵਾਰਡ 8 ਕਿੰਗ ਟਾਊਨ ਕਲੋਨੀ ਤੋਂ ਸੱਲ੍ਹਾਂ ਰੋਡ, ਗੋਬਿੰਦ ਨਗਰ ਦਾਰਾਪੁਰ, ਵਾਰਡ ਨੰਬਰ 15 ’ਚ ਵਾਟਰ ਸਪਲਾਈ ਅਤੇ ਸੀਵਰੇਜ ਲਈ ਮਤਾ ਪਾਸ ਕੀਤਾ ਗਿਆ ਹੈ। ਇਸ ਮੌਕੇ ਜਸਵੰਤ ਕੌਰ ਮੁਲਤਾਨੀ ਤੇ ਕੁਲਜੀਤ ਕੌਰ ਬਿੱਟੂ ਆਦਿ ਮੌਜੂਦ ਸਨ।