ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੰਕਲਪ ਰੈਲੀ
ਪੱਤਰ ਪ੍ਰੇਰਕ
ਤਰਨ ਤਾਰਨ, 21 ਨਵੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਅੱਜ ਇਲਾਕੇ ਦੇ ਪਿੰਡ ਸ਼ੇਰੋਂ ਵਿੱਚ ਸੰਕਲਪ ਰੈਲੀ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਸਰਕਾਰ ਖਿਲਾਫ਼ ਸ਼ੁਰੂ ਕੀਤੇ ਸੰਘਰਸ਼ ਤਹਿਤ 6 ਦਸੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ। ਰੈਲੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚਤਾਲਾ, ਹਰਪ੍ਰੀਤ ਸਿੰਘ ਸਿੱਧਵਾਂ, ਬੀਬੀ ਰਣਜੀਤ ਕੌਰ ਕੱਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਆਪਣੇ ਟਰੈਕਟਰ-ਟਰਾਲੀਆਂ ਆਦਿ ਵਾਹਨਾਂ ’ਤੇ ਦਿੱਲੀ ਲਈ ਰਵਾਨਾ ਹੋਣਗੇ। ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਲਈ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਆਗੂਆਂ ਕਿਸਾਨ- ਮਜ਼ਦੂਰ ਦਾ ਸਮੁੱਚਾ ਕਰਜ਼ਾ ਕਾਰਪੋਰੇਟ ਘਰਾਣਿਆ ਦੀ ਤਰਜ ’ਤੇ ਮੁਆਫ ਕੀਤੇ ਜਾਣ, 58 ਸਾਲ ਤੋਂ ਵੱਧ ਉਮਰ ਦੇ ਕਿਸਾਨ-ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਬੁਢਾਪਾ ਪੈਨਸ਼ਨ ਦੇਣ, 2013 ਭੂਮੀ ਐਕਟ ਵਿੱਚ ਕੀਤੀ ਸੋਧ ਰੱਦ ਕਰਨ, ਬਿਜਲੀ ਐਕਟ 2023 ਰੱਦ ਕਰਨ, ਜਨਤਕ ਵੰਡ ਪ੍ਰਣਾਲੀ ਰਾਹੀਂ 14 ਜ਼ਰੂਰੀ ਵਸਤਾਂ ਗਰੀਬਾਂ ਨੂੰ ਸਸਤੇ ਰੇਟਾਂ ’ਤੇ ਦੇਣ, ਮਨਰੇਗਾ ਸਕੀਮ ਅਧੀਨ 700 ਰੁਪਏ ਦਿਹਾੜੀ 200 ਦਿਨ ਕੰਮ ਦੇਣ ਸਮੇਤ ਸਾਰੀਆਂ ਮੰਗਾਂ ਤੁਰੰਤ ਲਾਗੂ ਕੀਤੇ ਜਾਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਝੋਨੇ ਦੀ ਖਰੀਦ ਦੌਰਾਨ ਪ੍ਰਤੀ ਕੁਇੰਟਲ 300 ਰੁਪਏ ਤੋਂ ਵੱਧ ਦਾ ਕੱਟ ਲਾ ਕੇ ਹਜ਼ਾਰਾਂ-ਕਰੋੜਾਂ ਦੀ ਲੁੱਟ ਕਰਨ ਵਾਲੇ ਆੜ੍ਹਤੀਏ, ਸ਼ੈਲਰ ਮਾਲਕ ਤੇ ਇਸ ਲੁੱਟ ਵਿੱਚ ਸ਼ਾਮਲ ਅਧਿਕਾਰੀ, ਵਿਧਾਇਕ ਅਤੇ ਮੰਤਰੀਆਂ ਖਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਸਲਵਿੰਦਰ ਸਿੰਘ ਜੀਓਬਾਲਾ, ਪਰਮਜੀਤ ਸਿੰਘ ਛੀਨਾ, ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਮੁਖਤਾਰ ਸਿੰਘ ਬਿਹਾਰਪੁਰ, ਇੰਕਬਾਲ ਸਿੰਘ ਵੜਿੰਗ ਨੇ ਵੀ ਸੰਬੋਧਨ ਕੀਤਾ|