ਵਿਸ਼ੇਸ਼ ਕੈਂਪ ’ਚ 4110 ਸ਼ਿਕਾਇਤਾਂ ਦਾ ਨਿਬੇੜਾ
ਪੱਤਰ ਪ੍ਰੇਰਕ
ਜੀਂਦ, 13 ਜੁਲਾਈ
ਹਰਿਆਣਾ ਸਰਕਾਰ ਵੱਲੋਂ ਹਰ ਜ਼ਿਲ੍ਹੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਮੌਕੇ ’ਤੇ ਨਿਬੇੜੇ ਲਈ ਜੀਂਦ ਦੇ ਮਿਨੀ ਸਕੱਤਰੇਤ ਵਿੱਚ ਰੋਜ਼ਾਨਾ ਲਗਾਏ ਜਾ ਰਹੇ ਵਿਸ਼ੇਸ਼ ਕੈਂਪ ਵਿੱਚ ਹੁਣ ਤੱਕ ਪ੍ਰਾਪਤ ਹੋਈਆਂ 5473 ਸ਼ਿਕਾਇਤਾਂ ਵਿੱਚੋਂ 4110 ਸ਼ਿਕਾਇਤਾਂ ਦਾ ਨਿਬੇੜਾ ਕਰਵਾ ਦਿੱਤਾ ਹੈ। ਇਹ ਕੈਂਪ ਕੰਮ-ਕਾਜ ਵਾਲੇ ਦਿਨ ਹਰ ਰੋਜ਼ ਸਵੇਰੇ ਨੌਂ ਵਜੇ ਤੋਂ 11 ਵਜੇ ਤੱਕ ਲਗਾਇਆ ਹੈ। ਕੈਂਪ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਦੇ ਹਨ। ਅੱਜ ਇਸ ਕੈਂਪ ਵਿੱਚ 80 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ ਕੁਝ ਸ਼ਿਕਾਇਤਾਂ ਦਾ ਮੌਕੇ ’ਤੇ ਨਿਬੇੜਾ ਕੀਤਾ ਗਿਆ, ਜਦਕਿ ਕੁੱਝ ਦਾ ਨਿਬੇੜਾ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ। ਕੈਂਪ ਵਿੱਚ ਪੈਨਸ਼ਨ, ਅੰਤਿਮ ਰਸਮਾਂ ਦੀ ਰਾਸ਼ੀ ਲੈਣ ਬਾਰੇ, ਬੀਪੀਐੱਲ ਕਾਰਡ ਬਣਵਾਉਣ, ਪ੍ਰਧਾਨ ਮੰਤਰੀ ਸਨਮਾਣ ਨਿੱਧੀ, ਬਿਜਲੀ ਸਬੰਧੀ ਅਤੇ ਹੋਰ ਕੰਮਾਂ ਲਈ ਪਹੁੰਚੇ ਲੋਕਾਂ ਨੂੰ ਅਧਿਕਾਰੀਆਂ ਨੇ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਸ਼ਿਕਾਇਤਾਂ ਦਾ ਨਿਬੇਨਾ ਕਰਨ ਲਈ ਹਦਾਇਤਾਂ ਕੀਤੀਆਂ।
ਏਡੀਸੀ ਡਾ. ਹਰੀਸ਼ ਵਿਸਿਸ਼ਟ ਨੇ ਦੱਸਿਆ ਕਿ ਪੀਪੀਪੀ ਵਿੱਚ ਖਾਮੀਆਂ ਦਰੁੱਸਤ ਲਈ 15 ਜੁਲਾਈ ਤੱਕ ਵਾਰਡ ਪੱਧਰੀ ਅਤੇ ਹਰ ਪਿੰਡ ਵਿੱਚ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਤਾਂ ਕਿ ਲੋਕਾਂ ਨੂੰ ਆਪਣੇ ਪਰਿਵਾਰ ਦੇ ਪਛਾਣ ਪੱਤਰ ਦੀ ਖ਼ਾਮੀਆਂ ਨੂੰ ਦਰੁਸਤ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਲੋਕਾਂ ਵੱਲੋਂ ਵੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਇਨ੍ਹਾਂ ਕੈਂਪਾਂ ਦੀ ਸ਼ਲਾਘਾ ਕੀਤੀ ਗਈ ਹੈ।