ਕਾਂਗਰਸੀ ਉਮੀਦਵਾਰ ਵੱਲੋਂ ਸੰਕਲਪ ਪੱਤਰ ਜਾਰੀ
ਪੀ.ਪੀ ਵਰਮਾ
ਪੰਚਕੂਲਾ, 26 ਸਤੰਬਰ
ਪੰਚਕੂਲਾ ਤੋਂ ਕਾਂਗਰਸੀ ਉਮੀਦਵਾਰ ਚੰਦਰ ਮੋਹਨ ਨੇ ਰਾਮਗੜ੍ਹ ਫੋਰਟ ਵਿੱਚ ਆਪਣਾ ਸੰਕਲਪ ਪੱਤਰ ਜਾਰੀ ਕੀਤਾ। ਇਸ ਮੌਕੇ ਵੱਡੀ ਗਿਣਤੀ ਦੇ ਕਾਂਗਰਸ ਦੇ ਨੇਤਾ ਅਤੇ ਵਰਕਰ ਸ਼ਾਮਲ ਸਨ। ਸੰਕਲਪ ਪੱਤਰ ਜਾਰੀ ਕਰਨ ਦੌਰਾਨ ਕਾਂਗਰਸ ਉਮੀਦਵਾਰ ਚੰਦਰ ਮੋਹਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਕਲਪ ਪੱਤਰ ਵਿੱਚ ਮਹਿਲਾ ਸ਼ਕਤੀ, ਸਮਾਜਿਕ ਸੁਰੱਖਿਆ, ਯੁਵਾ ਸ਼ਕਤੀ, ਸਿੱਖਿਆ, ਕਾਨੂੰਨ ਵਿਵਸਥਾ, ਜਨਤਾ ਸੇਵਾ, ਆਵਾਸ ਯੋਜਨਾ ਅਤੇ ਟਰਾਂਸਪੋਰਟ ਵਰਗੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਕਾਂਗਰਸ ਦੇ ਨੇਤਾ ਸ਼ਸ਼ੀ ਸ਼ਰਮਾ, ਅਰੁਣ ਮਾਦਰਾ ਅਤੇ ਕਈ ਕਾਂਗਰਸੀ ਨੇਤਾ ਵੀ ਹਾਜ਼ਰ ਸਨ। ਚੰਦਰ ਮੋਹਨ ਨੇ ਕਿਹਾ ਕਿ ਪੰਚਕੂਲਾ ਵਿੱਚ ਆਈਐੱਸਬੀਟੀ ਵਰਗਾ ਬੱਸ ਸਟੈਂਡ ਤਿਆਰ ਹੋਏਗਾ। ਇਸੀ ਤਰ੍ਹਾਂ ਫ਼ਿਲਮ ਸਿਟੀ ਵੀ ਬਣਾਈ ਜਾਏਗੀ। ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾਏਗਾ। ਕਲੋਨੀ ਵਾਸੀਆਂ ਨੂੰ ਤਿੰਨ-ਤਿੰਨ ਮਰਲੇ ਦੇ ਪਲਾਟ ਵੰਡੇ ਜਾਣਗੇ।
ਸੀਨੀਅਰ ਅਕਾਲੀ ਆਗੂ ਬੇਦੀ ਵੱਲੋਂ ਪ੍ਰਦੀਪ ਚੌਧਰੀ ਨੂੰ ਹਮਾਇਤ
ਕਾਲਕਾ ਤੋਂ ਸੀਨੀਅਰ ਅਕਾਲੀ ਆਗੂ ਮਾਲਵਿੰਦਰ ਸਿੰਘ ਬੇਦੀ ਨੇ ਕਾਲਕਾ ਦੇ ਕਾਂਗਰਸੀ ਉਮੀਦਵਾਰ ਪ੍ਰਦੀਪ ਚੌਧਰੀ ਨੂੰ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਰੇ ਸਾਥੀਆਂ ਨੂੰ ਘਰ-ਘਰ ਜਾ ਕੇ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ, ‘‘ਭਾਜਪਾ ਨੇ ਹਰ ਤਰ੍ਹਾਂ ਨਾਲ ਸਾਡਾ ਸ਼ੋਸ਼ਣ ਕੀਤਾ ਹੈ।’’
ਯੋਗੇਸ਼ਵਰ ਸ਼ਰਮਾ ਭਾਜਪਾ ’ਚ ਸ਼ਾਮਲ
ਆਮ ਆਦਮੀ ਪਾਰਟੀ ਨੂੰ ਹਰਿਆਣਾ ’ਚ ਵੱਡਾ ਝਟਕਾ, ਲੱਗਿਆ ਹੈ। ਯੋਗੇਸ਼ਵਰ ਸ਼ਰਮਾ ਆਪਣੇ ਸਮਰਥਕਾਂ ਨਾਲ ਭਾਜਪਾ ’ਚ ਸ਼ਾਮਲ ਹੋ ਗਏ। ਯੋਗੇਸ਼ਵਰ ਸ਼ਰਮਾ ਅੱਜ ਸੰਤ ਕਬੀਰ ਕੁਟੀਰ ਵਿੱਚ ਆਪਣੇ ਹਜ਼ਾਰਾਂ ਸਮਰਥਕਾਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਅਤੇ ਗਿਆਨ ਚੰਦ ਗੁਪਤਾ ਮੌਜੂਦ ਸਨ। ਨਾਇਬ ਸਿੰਘ ਸੈਣੀ ਨੇ ਯੋਗੇਸ਼ਵਰ ਸ਼ਰਮਾ ਦਾ ਪਾਰਟੀ ’ਚ ਸਵਾਗਤ ਕੀਤਾ। ਯੋਗੇਸ਼ਵਰ ਸ਼ਰਮਾ ਆਮ ਆਦਮੀ ਪਾਰਟੀ ਦੇ ਹਰਿਆਣਾ ਸੂਬਾ ਸਕੱਤਰ ਅਤੇ ਮੈਂਬਰ ਕੌਮੀ ਕੌਂਸਲ ਵਜੋਂ ਸੇਵਾਵਾਂ ਨਿਭਾ ਰਹੇ ਸਨ। ਇਸ ਮੌਕੇ ਯੋਗੇਸ਼ਵਰ ਸ਼ਰਮਾ ਨੇ ਕਿਹਾ ਕਿ ਕਾਫੀ ਕਸਮਕਸ ਤੋਂ ਬਾਅਦ ਉਹ ਆਪਣੇ ਸਾਥੀਆਂ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਹਨ।