ਗ੍ਰਾਮ ਸਭਾ ’ਚ ਬਾਇਓਗੈਸ ਪਲਾਂਟ ਖ਼ਿਲਾਫ਼ ਮਤਾ ਪਾਸ
ਜੈਸਮੀਨ ਭਾਰਦਵਾਜ
ਨਾਭਾ, 19 ਅਗਸਤ
ਸੂਬੇ ਭਰ ਵਿੱਚ ਕੰਪ੍ਰੈਸਡ ਬਾਇਓਗੈਸ (ਸੀਬੀਜੀ) ਪਲਾਟਾਂ ਦੇ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਲੁਧਿਆਣਾ ਵਿੱਚ ਵੱਖ-ਵੱਖ ਧਿਰਾਂ ਨਾਲ ਰੱਖੀ ਗਈ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਨਾਭਾ ਦੇ ਕਕਰਾਲਾ ਪਿੰਡ ਨੇ ਅੱਜ ਗ੍ਰਾਮ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪਿੰਡ ਵਿੱਚ ਲੱਗਣ ਵਾਲੇ ਸੀਬੀਜੀ ਪਲਾਂਟ ਖ਼ਿਲਾਫ਼ ਮਤਾ ਪਾਸ ਕਰ ਦਿੱਤਾ ਹੈ। ਪੰਚਾਇਤ ਅਫ਼ਸਰ ਕਰਨਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਗ੍ਰਾਮ ਸਭਾ ਨੇ ਖੇਤੀ ਲਈ 18 ਏਕੜ ਜ਼ਮੀਨ ਦੀ ਬੋਲੀ ਕਰਵਾਉਣ ਸਬੰਧੀ ਵੀ ਮਤਾ ਪਾਸ ਕੀਤਾ। ਪਿੰਡ ਵਾਸੀ ਇਸ ਨੂੰ ਸਮਾਂਬੱਧ ਕਰਨਾ ਚਾਹੁੰਦੇ ਸਨ ਪਰ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਪੱਕਾ ਸਮਾਂ ਨਹੀਂ ਦੱਸਿਆ।
ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਝੋਨਾ ਬੀਜਣ ਦਾ ਸਮਾਂ ਲੰਘਣ ਕਰਕੇ ਹੁਣ ਬੋਲੀ ਘਟ ਜਾਵੇਗੀ ਤੇ ਇਸ ਨਾਲ ਪਿੰਡ ਦੀ ਆਮਦਨ ਨੂੰ ਜਿਹੜਾ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਜ਼ਿੰਮੇਵਾਰ ਅਧਿਕਾਰੀਆਂ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਪਿੰਡ ਦੀ ਮਨਜ਼ੂਰੀ ਤੋਂ ਬਿਨਾ ਪ੍ਰਸ਼ਾਸਨ ਵੱਲੋਂ ਲਿਆ ਜਾਂਦਾ ਪਿੰਡ ਦੀ ਆਮਦਨ ਦਾ 30 ਫੀਸਦ ਹਿੱਸਾ ਰੋਕਣ ਸਬੰਧੀ ਮਤਾ ਪਾਉਣ ’ਤੇ ਵੀ ਜ਼ੋਰ ਦਿੱਤਾ। ਪੰਚਾਇਤ ਅਧਿਕਾਰੀਆਂ ਨੇ ਇਹ ਦੋਵੇਂ ਮਤਿਆਂ ਨੂੰ ਲਿਖਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਇੱਕ ਘੰਟਾ ਬਹਿਸ ਹੁੰਦੀ ਰਹੀ ਤੇ ਮਾਹੌਲ ਗਰਮਾ ਗਿਆ।
ਪਿੰਡ ਵਾਸੀ ਹਰਮਨ ਸਿੰਘ ਅਤੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਇਸ ਤਰ੍ਹਾਂ ਗ੍ਰਾਮ ਸਭਾ ਹੁੰਦੀ ਪਹਿਲੀ ਵਾਰੀ ਦੇਖੀ ਹੈ, ਜਿਸ ਵਿੱਚ ਲੋੜੀਂਦੀ ਘੱਟੋ ਘੱਟ ਹਾਜ਼ਰੀ ਨਾਲੋਂ ਡੇਢ ਗੁਣਾ ਜ਼ਿਆਦਾ ਲੋਕ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੇ ਪ੍ਰਦੂਸ਼ਣ ਕਰਨ ਵਾਲੇ ਬਾਇਓਗੈਸ ਪਲਾਂਟ ਖ਼ਿਲਾਫ਼ ਮਤਾ ਪਾ ਦਿੱਤਾ ਹੈ। ਇਸ ਬਾਰੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੱਲੋਂ ਕਾਫੀ ਦਬਾਅ ਪਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀ ਆਮਦਨ ਦੀ ਕਥਿਤ ਲੁੱਟ ਰੋਕਣ ਲਈ ਵੀ ਉਹ ਮਾਹਿਰਾਂ ਕੋਲ ਜਾਣਗੇ ਤੇ ਅਗਲੀਆਂ ਗ੍ਰਾਮ ਸਭਾਵਾਂ ਵਿੱਚ ਸਬੰਧਤ ਮਤੇ ਪਾਸ ਕਰਨਗੇ।
ਇਸ ਮੌਕੇ ਪੰਚਾਇਤ ਅਫਸਰ ਕਰਨਵੀਰ ਸਿੰਘ ਅਤੇ ਪੰਚਾਇਤ ਸਕੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੇ ਬਾਇਓਗੈਸ ਪਲਾਂਟ ਖ਼ਿਲਾਫ਼ ਮਤਾ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਇਜਲਾਸ ਵਿੱਚ ਪਹਿਲਾਂ ਦੱਸੇ ਏਜੰਡੇ ਅਨੁਸਾਰ ਹੀ ਮਤੇ ਪੈਣੇ ਸਨ।