31 ਪਿੰਡਾਂ ਦੀਆਂ ਕਮੇਟੀਆਂ ਵੱਲੋਂ ਅਸਤੀਫ਼ੇ
ਪੱਤਰ ਪ੍ਰੇਰਕ
ਮਾਨਸਾ, 5 ਜੂਨ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨਾਲ ਸਬੰਧਤ ਇਸ ਜ਼ਿਲ੍ਹੇ ਦੇ ਜੁਝਾਰੂ ਵਰਕਰਾਂ ਨੇ ਲਖਵੀਰ ਸਿੰਘ ਅਕਲੀਆ ਦੇ ਹੱਕ ਵਿੱਚ ਖੜ੍ਹਨ ਦਾਅਵਾ ਕੀਤਾ ਹੈ। ਇਸ ਸਬੰਧੀ ਵਰਕਰਾਂ ਵੱਲੋਂ ਇੱਥੇ ਇੱਕ ਇਕੱਠ ਕੀਤਾ ਗਿਆ, ਜਿਸ ਵਿੱਚ ਅੱਜ 31 ਪਿੰਡਾਂ ਦੀਆਂ ਕਮੇਟੀਆਂ ਦੇ ਆਗੂ ਪੁੱਜੇ ਹੋਏ ਸਨ।ਇਸ ਮੌਕੇ ਜੁੜੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਦੱਬੀ ਕੁਚਲੀ ਕਿਸਾਨੀ ਦੀ ਲੜਾਈ ਤਨਦੇਹੀ ਨਾਲ ਲੋਕਾਂ ਨੂੰ ਨਾਲ ਲੈ ਕੇ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ-ਮਜ਼ਦੂਰਾਂ ਦੀ ਏਕਤਾ ਨਾਲ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਦਿੱਤਾ ਹੈ, ਪਰ ਅਜੇ ਵੀ ਮਾਲਵਾ ਖੇਤਰ ਦੇ ਬਹੁਤੇ ਸਾਰੇ ਕਿਸਾਨਾਂ-ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਮਨਵਾਉਣ ਲਈ ਸ਼ਹਿਰਦ ਸੰਘਰਸ਼ ਦੀ ਹੋਰ ਲੋੜ ਹੈ। ਜਥੇਬੰਦੀ ਦੇ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਮੀਟਿੰਗ ਅਗਲੀ ਰਣਨੀਤੀ ਤੈਅ ਕਰਨ ਬਾਰੇ ਰੱਖੀ ਗਈ ਸੀ। ਇਸ ਮੀਟਿੰਗ ਵਿੱਚ ਜਮਹੂਰੀਅਤ ਤਰੀਕੇ ਨਾਲ ਲੋਕਾਂ ਦਾ ਪੱਖ ਲਿਆ ਗਿਆ ਅਤੇ ਆਉਂਦੇ ਦਿਨਾਂ ਵਿੱਚ ਅਗਲਾ ਫੈਸਲਾ ਛੇਤੀ ਲਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਸੰਗਠਨ ਸਕੱਤਰ ਜਗਦੇਵ ਸਿੰਘ ਕੋਟਲੀ ਦੀ ਅਗਵਾਈ ਵਿੱਚ ਹਾਜ਼ਰ 31 ਪਿੰਡ ਕਮੇਟੀਆਂ ਨੇ ਸਮੂਹਿਕ ਤੌਰ ‘ਤੇ ਅਸਤੀਫੇ ਦਿੱਤੇ ਹਨ। ਇਸ ਸਮੇਂ ਗੁਰਚਰਨ ਉੱਲਕ ਨੇ ਸੱਚ ਦਾ ਸਾਥ ਦੇਣ ਲਈ ਲੋਕਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ, ਮਿੱਠੂ ਸਿੰਘ ਪੇਰੋਂ, ਲਾਭ ਸਿੰਘ, ਰੂਪ ਸ਼ਰਮਾ, ਲੀਲਾ ਸਿੰਘ, ਬਸ਼ੀਰਾ ਸਿੰਘ ਰੱਲਾ, ਰੂਪ ਸਿੰਘ ਅਕਲੀਆ, ਬੂਟਾ ਸਿੰਘ ਰੜ੍ਹ ਵੀ ਮੌਜੂਦ ਸਨ।