ਸੁਖਬੀਰ ਚਾਹੁੰਦੇ ਤਾਂ ਅੱਜ ਮਨਜ਼ੂਰ ਹੋ ਜਾਣਾ ਸੀ ਅਸਤੀਫ਼ਾ: ਰੱਖੜਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨੂੰ ‘ਦੇਰ ਆਏ ਦਰੁਸਤ ਆਏ’ ਆਖਦਿਆਂ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਇੱਥੇ ਆਖਿਆ ਕਿ ਚੰਗਾ ਹੁੰਦਾ ਕਿ ਜੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਅੱਜ ਦੀ ਮੀਟਿੰਗ ’ਚ ਇਹ ਅਸਤੀਫ਼ਾ ਮਨਜ਼ੂਰ ਕਰ ਲੈਂਦੀ। ਉਨ੍ਹਾਂ ਨਾਲ ਇਹ ਵੀ ਆਖਿਆ ਕਿ ਇਸ ਮਾਮਲੇ ’ਚ ਵਰਕਿੰਗ ਕਮੇਟੀ ਦੀ ਤਾਂ ਚੱਲੀ ਹੀ ਨਹੀਂ। ਤਰਕ ਸੀ ਕਿ ਅਸਤੀਫ਼ਾ ਨਾ ਮਨਜ਼ੂਰ ਹੋਣ ’ਚ ਅਸਲ ’ਚ ਸੁਖਬੀਰ ਬਾਦਲ ਦੀ ਹੀ ਮਰਜ਼ੀ ਚੱਲੀ ਹੈ ਤੇ ਹੁਣ ਮਨਜ਼ੂਰ ਵੀ ਤਾਂ ਹੀ ਹੋਵੇਗਾ ਜੇ ਸ੍ਰੀ ਬਾਦਲ ਚਾਹੁਣਗੇ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਅਕਾਲ ਤਖ਼ਤ ’ਤੇ ਤਾਂ ਨਿਮਾਣੇ ਸਿੱਖ ਵਜੋਂ ਜਾਣ ਦੀ ਲੋੜ ਹੈ, ਜਿਸ ਕਰਕੇ ਅੱਜ ਇਹ ਅਸਤੀਫ਼ਾ ਪ੍ਰਵਾਨ ਕਰ ਲੈਣਾ ਚਾਹੀਦਾ ਸੀ। ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰੱਖੜਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਸੁਖਬੀਰ ਅਕਾਲ ਤਖ਼ਤ ’ਤੇ ਗਏ ਸਨ, ਤਾਂ ਉਨ੍ਹਾਂ ਨੇ ਖੁੱਲ੍ਹੇਆਮ ਕਿਹਾ ਸੀ ਉਹ ਪਾਰਟੀ ਦੇ ਪ੍ਰਧਾਨ ਹਨ ਤੇ ਸਾਰਾ ਕੁਝ ਆਪਣੀ ਝੋਲੀ ਪਾਉਂਦਾ ਹੈ, ਪਰ ਹੁਣ ਇਸ ਗੱਲ ਤੋਂ ਪਿਛਾਂਹ ਹਟਣਾ ਗੈਰਵਾਜਬ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ੁਰੂ ’ਚ ਹੀ ਸਾਰੇ ਇਸ ਗੱਲ ’ਤੇ ਇੱਕਮਤ ਸਨ ਕਿ ਅਕਾਲ ਤਖ਼ਤ ਤੋਂ ਜੋ ਵੀ ਆਦੇਸ਼ ਆਵੇਗਾ, ਸਾਰੇ ਹੀ ਉਸ ’ਤੇ ਫੁੱਲ ਚੜ੍ਹਾਉਣਗੇ। ਇਸੇ ਕੜੀ ਵਜੋਂ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਿੰਘ ਸਾਹਿਬਾਨ ਸਿੱਖ ਪੰਥ ਨੂੰ ਮੁੜ ਇਕੱਠਾ ਕਰਨਗੇ ਤੇ ਪਾਰਟੀ ਮੁੜ ਮਜ਼ਬੂਤ ਧਿਰ ਵਜੋਂ ਉਭਰ ਕੇ ਸਾਹਮਣੇ ਆਉਂਦਿਆਂ ਇੱਕਜੁਟ ਹੋਵੇਗੀ।