ਘਾਬਦਾਂ ਦੇ ਕਿਸਾਨ ਪਰਿਵਾਰਾਂ ਵਿਚਾਲੇ ਝਗੜੇ ਦਾ ਰਾਜ਼ੀਨਾਮਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਨਵੰਬਰ
ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਅਤੇ ਭਵਾਨੀਗੜ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਥਾਣਾ ਸਦਰ ਪੁਲੀਸ ਬਾਲੀਆਂ ਅੱਗੇ ਚੱਲ ਰਿਹਾ ਰੋਸ ਧਰਨਾ ਅੱਜ ਦੂਜੇ ਦਿਨ ਸਮਾਪਤ ਹੋ ਗਿਆ ਹੈ। ਧਰਨਾਕਾਰੀ ਪਿੰਡ ਘਾਬਦਾਂ ਇਕਾਈ ਦੇ ਆਗੂ ਜਗਮੇਲ ਸਿੰਘ ਅਤੇ ਉਸਦੇ ਭਤੀਜੇ ਉਪਰ ਹਮਲਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕੇਸ ਵਿਚ ਸਖਤ ਧਰਾਵਾਂ ਲਗਾਉਣ ਅਤੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸੀ ਪਰੰਤੂ ਯੂਨੀਅਨ ਆਗੂਆਂ, ਮੋਹਤਬਰਾਂ ਅਤੇ ਡੀਐੱਸਪੀ ਵੱਲੋਂ ਦੋਵਾਂ ਧਿਰਾਂ ਦਾ ਆਪਸੀ ਸਹਿਮਤੀ ਨਾਲ ਰਾਜ਼ੀਨਾਮਾ ਕਰਵਾ ਦਿੱਤਾ ਗਿਆ।
ਯੂਨੀਅਨ ਦੇ ਬਲਾਕ ਭਵਾਨੀਗੜ੍ਹ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਅਤੇ ਬਲਾਕ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਰੋਸ ਧਰਨਾ ਜਾਰੀ ਰਿਹਾ। ਇਸ ਦੌਰਾਨ ਜੋ ਝਗੜਾ ਪਿੰਡ ਘਾਬਦਾਂ ਵਿੱਚ ਹੋਇਆ ਸੀ, ਉਸ ਸਬੰਧੀ ਦੋਵਾਂ ਧਿਰਾਂ ਵਿਚਕਾਰ ਯੂਨੀਅਨ ਆਗੂਆਂ, ਮੋਹਤਬਰ ਵਿਅਕਤੀਆਂ ਅਤੇ ਡੀਐੱਸਪੀ ਸੰਗਰੂਰ ਵਲੋਂ ਰਾਜ਼ੀਨਾਮਾ ਕਰਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੀੜਤਾਂ ਦੀ ਵਿਰੋਧੀ ਧਿਰ ਵਲੋ ਰੋਸ ਧਰਨੇ ਦੌਰਾਨ ਸਟੇਜ ’ਤੇ ਆ ਕੇ ਵਿਸ਼ਵਾਸ਼ ਦਿਵਾਇਆ ਗਿਆ ਕਿ ਦੋਵੇਂ ਪਰਿਵਾਰਾਂ ਦਾ ਜ਼ਮੀਨ ਦੀ ਵੱਟ ਅਤੇ ਪਹੀ ਸਬੰਧੀ ਜੋ ਝਗੜਾ ਹੋਇਆ ਸੀ, ਉਹ ਆਪਸ ਵਿਚ ਮਿਲ ਬੈਠ ਕੇ ਨਿਪਟਾਇਆ ਜਾਵੇਗਾ। ਝਗੜੇ ਦੌਰਾਨ ਸੱਟਾਂ ਲੱਗਣ ਕਾਰਨ ਜ਼ਖਮੀ ਹੋਏ ਯੂਨੀਅਨ ਦੇ ਪਿੰਡ ਘਾਬਦਾਂ ਇਕਾਈ ਆਗੂ ਜਗਮੇਲ ਸਿੰਘ ਅਤੇ ਉਸਦੇ ਭਤੀਜੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਥਾਣਾ ਸਦਰ ਬਾਲੀਆਂ ਦੇ ਐੱਸਐੱਚਓ ਕਸ਼ਮੀਰਾ ਸਿੰਘ ਨੇ ਵੀ ਦੋਵੇਂ ਧਿਰਾਂ ਵਿਚਕਾਰ ਆਪਸੀ ਰਾਜ਼ੀਨਾਮਾ ਹੋਣ ਅਤੇ ਰੋਸ ਧਰਨਾ ਸਮਾਪਤ ਹੋਣ ਦੀ ਪੁਸ਼ਟੀ ਕੀਤੀ ਹੈ।