ਚੋਰੀ ਕਰ ਕੇ ਸ਼ੈੱਲਰ ’ਚ ਲਾਏ ਝੋਨੇ ਦੇ ਮਾਮਲੇ ’ਚ ਰਾਜ਼ੀਨਾਮਾ
ਲੰਬੀ (ਇਕਬਾਲ ਸਿੰਘ ਸ਼ਾਂਤ): ਕਬਰਵਾਲਾ ਵਿੱਚ ਸਰਕਾਰੀ ਖਰੀਦ ਕੇਂਦਰ ਤੋਂ ਇੱਕ ਨੰਬਰ ਵਿੱਚ ਕਰ ਕੇ ਸ਼ੈਲਰ ’ਚ ਭੇਜੇ 34.80 ਲੱਖ ਰੁਪਏ ਕੀਮਤ ਦੇ ਚੋਰੀਸ਼ੁਦਾ 4 ਹਜ਼ਾਰ ਗੱਟੇ ਝੋਨੇ ਦਾ ਕਿਸਾਨ ਯੂਨੀਅਨ ਨਾਲ ਰਾਜ਼ੀਨਾਮਾ ਹੋ ਗਿਆ ਹੈ। ਪੰਚਾਇਤ ਨੇ ਸ਼ੈੱਲਰ ਮਾਲਕ ਨੂੰ 3 ਲੱਖ ਰੁਪਏ ਦਾ ਆਰਥਿਕ ਦੰਡ ਲਾਇਆ ਹੈ। ਦੰਡ ਦੀ ਰਕਮ ਗੁਰੂ ਘਰ ਵਿੱਚ ਦਿੱਤੀ ਜਾਵੇਗੀ। ਪੁਲੀਸ ਕੋਲ 190 ਗੱਟੇ ਚੋਰੀ ਦੇ ਸ਼ਿਕਾਇਤਕਰਤਾ ਗਗਨਦੀਪ ਸਿੰਘ ਦੇ ਹੱਥ ਇਨਸਾਫ਼ ਪੱਖੋਂ ਖਾਲੀ ਹਨ। ਸੂਤਰਾਂ ਮੁਤਾਬਕ ਪੰਚਾਇਤ ਨੇ ਆਡੀਓ-ਵੀਡੀਓ ਸਬੂਤਾਂ ਦੇ ਆਧਾਰ ’ਤੇ ਸ਼ੈਲਰ ਮਾਲਕ ਅਤੇ ਉਸ ਦੇ ਮੁਨਸ਼ੀ ਨੂੰ ਕਥਿਤ ਜ਼ਿੰਮੇਵਾਰ ਦੱਸਿਆ। ਰਾਜ਼ੇਨਾਮੇ ਮੌਕੇ ਝੋਨੇ ਨੂੰ ਡੱਬਵਾਲੀ ਢਾਬ ਦੇ ਕਿਸਾਨਾਂ ਦਾ ਦੱਸ ਕੇ ਮਾਮਲਾ ਮਿੱਟੀ ਵਿੱਚ ਦੱਬ ਦਿੱਤਾ ਗਿਆ। ਦੂਜੇ ਪਾਸੇ ਮਾਰਕੀਟ ਕਮੇਟੀ ਮਲੋਟ ਵੱਲੋਂ ਤਿੰਨ ਕਿਸਾਨਾਂ ਦੀ ਸ਼ਿਕਾਇਤ ’ਤੇ ਸਰਗਰਮ ਪੜਤਾਲ ਜਾਰੀ ਹੈ। ਜਾਣਕਾਰੀ ਮੁਤਾਬਕ ਮਾਰਕੀਟ ਕਮੇਟੀ ਨੇ ਮਾਰਕਫੈੱਡ ਤੋਂ ਕਬਰਵਾਲਾ ਖਰੀਦ ਕੇਂਦਰ ਨਾਲ ਸਬੰਧਤ ਪ੍ਰਤੀ ਆੜ੍ਹਤੀ ਅਤੇ ਪ੍ਰਤੀ ਕਿਸਾਨ ਖਰੀਦ ਸੂਚੀ ਮੰਗੀ ਹੈ। ਸ਼ਿਕਾਇਤਕਰਤਾ ਗਗਨਦੀਪ ਸਿੰਘ ਨੇ ਕਿਹਾ ਕਿ ਉਸ ਦੇ 190 ਗੱਟੇ ਚੋਰੀ ਹੋਏ ਸਨ। ਰਾਜ਼ੇਨਾਮੇ ਵਿੱਚ ਉਸਦੇ ਨੁਕਸਾਨ ਦੀ ਕੋਈ ਹੱਕਰਸੀ ਨਹੀਂ ਹੋਈ। ਮਾਰਕੀਟ ਕਮੇਟੀ ਮਲੋਟ ਦੇ ਸਕੱਤਰ ਅਮਨਦੀਪ ਸਿੰਘ ਕੰਗ ਨੇ ਕਿਹਾ ਕਿ ਸਬੂਤ ਅਤੇ ਤੱਥ ਇਕੱਠੇ ਕਰਨ ਲਈ ਪੱਤਰ ਵਿਵਹਾਰ ਜਾਰੀ ਹੈ।