ਪ੍ਰਬੰਧਾਂ ਦੀ ਘਾਟ ਤੋਂ ਪ੍ਰੇਸ਼ਾਨ ਵਿਰਾਟ ਗਰੀਨ ਕਲੋਨੀ ਦੇ ਵਸਨੀਕ
ਮਨੋਜ ਸ਼ਰਮਾ
ਬਠਿੰਡਾ, 18 ਅਗਸਤ
ਪੁਰਾਣੇ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਲੋਕ ਸ਼ਹਿਰ ਦੇ ਬਾਹਰਵਾਰ ਪੁੱਡਾ ਤੋਂ ਮਨਜ਼ੂਰਸ਼ੁਦਾ ਮੁਲਤਾਨੀਆ ਰੋਡ ’ਤੇ ਸਥਿਤ ਵਿਰਾਟ ਗ੍ਰੀਨ ਕਲੋਨੀ ਦੇ ਵਸਨੀਕ ਕਲੋਨੀ ਵਿਚਲੇ ਮਾੜੇ ਪ੍ਰਬੰਧਾਂ ਤੋਂ ਖ਼ਫ਼ਾ ਹਨ। ਅੱਜ ਕਲੋਨੀ ਵਾਸੀਆਂ ਨੇ ਪ੍ਰਬੰਧਕਾਂ ਖ਼ਿਲਾਫ਼ ਮੋਰਚਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਵਿਰਾਟ ਗਰੀਨਜ਼ ਰੈਜ਼ੀਡੈਂਸੀਅਲ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਡਾ. ਨਛੱਤਰ ਸਿੰਘ ਸੰਧੂ ਅਤੇ ਸੈਕਟਰੀ ਡਾ. ਰਾਜ ਸਿੱਧੂ ਨੇ ਦੱਸਿਆ ਕਿ ਕਲੋਨੀ ਬਣੀ ਨੂੰ 12 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਹੁਣ ਤੱਕ ਕਲੋਨੀ ਪ੍ਰਬੰਧਕਾਂ ਨੇ ਲੋੜੀਂਦੀਆਂ ਸਹੂਲਤਾਂ ਨਹੀਂ ਦਿੱਤੀਆਂ ਤੇ ਨਾ ਹੀ ਕਲੋਨੀ ਨੂੰ ਨਿਗਮ ਹਵਾਲੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਲੋਨੀ ਅੰਦਰ ਸੀਵਰੇਜ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਇਸ ਕਾਰਨ ਕਲੋਨੀ ਦਾ ਗੰਦਾ ਪਾਣੀ ਨਾਲ ਪਏ ਖਾਲੀ ਪਲਾਟਾਂ ਵਿੱਚ ਛੱਡਿਆ ਜਾ ਰਿਹਾ ਹੈ। ਸੈਕਟਰੀ ਰਾਜ ਨੇ ਦੱਸਿਆ ਕਿ ਅਲਾਟਮੈਂਟ ਸਮੇਂ ਕਲੱਬ ਚਾਰਜਜ਼ ਦੇ ਨਾਂ ’ਤੇ ਕਰੋੜਾਂ ਰੁਪਏ ਵਸੂਲੇ ਜਾ ਚੁੱਕੇ ਹਨ ਪਰ ਅੱਜ ਤੱਕ ਕਲੱਬ ਨਾਂ ਦੀ ਕੋਈ ਚੀਜ਼ ਨਹੀਂ ਬਣੀ। ਇਸ ਤੋਂ ਇਲਾਵਾ ਬੱਚਿਆਂ ਲਈ ਕੋਈ ਖੇਡ ਮੈਦਾਨ ਨਹੀਂ ਹੈ। ਕਲੋਨੀ ਦੀ ਅਧੂਰੀ ਚਾਰਦੀਵਾਰੀ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦੇ ਰੋਸ ਵਜੋਂ ਕਲੋਨੀ ਵਾਸੀਆਂ ਨੇ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਕਿ ਮਹੀਨਾਵਾਰ ਮੈਨਟੀਨੈਂਸ ਖ਼ਰਚਾ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਗੁਰਸੇਵਕ ਸਿੰਘ, ਸਰੇਸ਼ ਕੁਮਾਰ, ਸੂਰਜ ਲਖਾਨੀ, ਜਵਾਹਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।
ਕਲੋਨੀ ਦੇ ਪ੍ਰਬੰਧਕ ਤੇ ਮਾਲਕ ਭਾਵਯਾ ਸਿੰਗਲਾ ਪ੍ਰਬੰਧਾਂ ਬਾਰੇ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕੇ। ਗੰਦੇ ਪਾਣੀ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਣੀ ਨੂੰ ਸੋਧ ਕੇ ਸਫੈਦਿਆਂ ਲਈ ਛੱਡ ਦਿੰਦੇ ਹਨ। ਉਨ੍ਹਾਂ ਮੰਨਿਆ ਕਿ ਕਲੱਬ ਨੂੰ ਮਨਜ਼ੂਰੀ ਨਹੀਂ ਮਿਲੀ।