ਤਿੰਨ ਪਿੰਡਾਂ ਦੇ ਵਾਸੀ ਪੀਣ ਵਾਲੇ ਪਾਣੀ ਨੂੰ ਤਰਸੇ
ਪੱਤਰ ਪ੍ਰੇਰਕ
ਸ਼ਾਹਕੋਟ, 29 ਮਾਰਚ
ਬਲਾਕ ਸ਼ਾਹਕੋਟ ਅਧੀਨ ਪੈਂਦੇ ਪਿੰਡ ਸਾਂਦ, ਬਾਊਪੁਰ ਅਤੇ ਖੁਰਦ ਦੇ ਵਾਸੀ ਪਿਛਲੇ 10 ਦਿਨਾਂ ਤੋਂ ਪੀਣ ਵਾਲੇ ਸ਼ੁੱਧ ਪਾਣੀ ਲਈ ਤਰਸ ਰਹੇ ਹਨ। ਇਨ੍ਹਾਂ ਤਿੰਨਾਂ ਪਿੰਡਾਂ ਦੇ ਵਸਨੀਕਾਂ ਮੁਤਾਬਕ ਉਨ੍ਹਾਂ ਨੇ ਐੱਸਡੀਐੱਮ ਸ਼ਾਹਕੋਟ, ਬੀਡੀਪੀਓ ਸ਼ਾਹਕੋਟ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚ ਵੀ ਕੀਤੀ, ਜਿਨ੍ਹਾਂ ’ਚੋਂ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸੁਣਵਾਈ ਨਾ ਕੀਤੇ ਜਾਣ ਕਾਰਨ ਅੱਜ ਤਿੰਨਾਂ ਪਿੰਡਾਂ ਦੇ ਕੁਝ ਵਿਅਕਤੀਆਂ ਨੇ ਪਿੰਡ ਸਾਂਦ ਦੀ ਪਾਣੀ ਵਾਲੀ ਟੈਂਕੀ ’ਤੇ ਇਕੱਠੇ ਹੋ ਕੇ ਧਰਨਾ ਦੇ ਕੇ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਆਗੂ ਬਲਵਿੰਦਰ ਸਿੰਘ ਬਾਊਪੁਰ, ਕ੍ਰਾਂਤੀਕਾਰੀ ਦਲ ਦੇ ਆਗੂ ਛਿੰਦਰਪਾਲ ਸਹੋਤਾ ਅਤੇ ਪਿੰਡ ਸਾਂਦ ਦੇ ਚਰਨਜੀਤ ਨਾਹਰ ਨੇ ਕਿਹਾ ਕਿ ਪਿੰਡ ਸਾਂਦ ਦੀ ਪਾਣੀ ਵਾਲੀ ਟੈਂਕੀ ਤੋਂ ਬਾਊਪੁਰ ਤੇ ਖੁਰਦ ਨੂੰ ਪਾਣੀ ਸਪਲਾਈ ਕੀਤਾ ਜਾਂਦਾ ਹੈ। ਟੈਂਕੀ ਦੀ ਮੋਟਰ ਸੜ ਜਾਣ ਕਾਰਨ ਤਿੰਨ ਪਿੰਡਾਂ ਦੇ ਵਾਸੀ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹਨ। ਮੋਟਰ ਠੀਕ ਕਰਵਾਉਣ ਲਈ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਐੱਸਡੀਐੱਮ ਅਤੇ ਬੀਡੀਪੀਓ ਤੱਕ ਵੀ ਪਹੁੰਚ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਜਲ ਸਪਲਾਈ ਦੇ ਐੱਸਡੀਓ ਅਤੇ ਬੀਡੀਪੀਓ ਵੱਲੋਂ ਇਕ ਦੂਜੇ ਦਾ ਕੰਮ ਦੱਸੇ ਜਾਣ ਕਾਰਨ ਤਿੰਨ ਪਿੰਡਾਂ ਦੇ ਵਸਨੀਕ ਗੰਦਾ ਪਾਣੀ ਲਈ ਮਜਬੂਰ ਹਨ। ਐਸ.ਡੀ.ਐਮ ਸ਼ਾਹਕੋਟ ਰਿਸ਼ਭ ਬਾਂਸਲ ਨੇ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆ ਸਬੰਧਤ ਵਿਭਾਗ ਨੂੰ 2 ਦਿਨਾਂ ਵਿੱਚ ਇਸਦਾ ਢੁਕਵਾਂ ਹੱਲ ਕਰਨ ਦੀ ਹਦਾਇਤ ਕੀਤੀ ਹੈ। ਜਲ ਸਪਲਾਈ ਵਿਭਾਗ ਦੇ ਐੱਸਡੀਓ ਸ਼ਾਹਕੋਟ ਚੇਤਨ ਸੈਣੀ ਨੇ ਕਿਹਾ ਕਿ ਬੀਡੀਪੀਓ ਸ਼ਾਹਕੋਟ ਵੱਲੋਂ 15ਵੇਂ ਵਿੱਤ ’ਚ ਵਾਟਰ ਸਪਲਾਈ ਲਈ ਗ੍ਰਾਂਟ ਵਿੱਚੋਂ ਉਨ੍ਹਾਂ ਨੂੰ ਫੰਡ ਨਹੀਂ ਮੁਹੱਈਆ ਕਰਵਾਏ ਗਏ। ਨਵੀਂ ਮੋਟਰ ਪਵਾਉਣ ਉੱਪਰ ਬਹੁਤ ਜ਼ਿਆਦਾ ਖਰਚ ਆ ਰਿਹਾ ਹੈ। ਜਦੋਂ ਤੱਕ ਉਨ੍ਹਾਂ ਕੋਲ ਨਵੀਂ ਮੋਟਰ ਖਰੀਦਣ ਲਈ ਫੰਡ ਨਹੀਂ ਆ ਜਾਂਦੇ ਉੰਨਾ ਚਿਰ ਉਹ ਪੁਰਾਣੀ ਮੋਟਰ ਲੈ ਕੇ 2 ਦਿਨਾਂ ਤੱਕ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦੇਣਗੇ।