ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੰਭੂ ਮੋਰਚੇ ਦੇ ਖ਼ਿਲਾਫ਼ ਹੋਏ ਸਥਾਨਕ ਇਲਾਕੇ ਦੇ ਵਸਨੀਕ

08:47 AM Jun 26, 2024 IST
ਜਾਣਕਾਰੀ ਦਿੰਦਾ ਹੋਇਆ ਇਲਾਕਾ ਵਾਸੀ ਕਰਨੈਲ ਸਿੰਘ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਜੂਨ
ਕੌਮੀ ਹਾਈਵੇਅ ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਚੱਲ ਰਹੇ ਮੋਰਚੇ ਵਿਚ ਤਣਾਅ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਇਲਾਕੇ ਦੇ ਵੱਡੀ ਗਿਣਤੀ ਲੋਕਾਂ ਨੇ ਅੰਬਾਲਾ ਜਾਣ ਦਾ ਰਾਹ ਨਾ ਛੱਡਣ ’ਤੇ ਖੁਦ ਰਸਤਾ ਖਾਲੀ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਅੱਜ ਕਿਸਾਨਾਂ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੀ ‘ਆਪ’ ਸਰਕਾਰ ਦੀ ਮਿਲੀਭੁਗਤ ਨਾਲ ਕੁਝ ਲੋਕ ਉਨ੍ਹਾਂ ਦੇ ਧਰਨੇ ਨੂੰ ਤਾਰਪੀਡੋ ਕਰਨਾ ਚਾਹੁੰਦੇ ਹਨ। ਉਥੇ ਹੀ ਇਲਾਕੇ ਦੇ ਆਮ ਦਿਹਾੜੀਦਾਰ ਲੋਕਾਂ ਦਾ ਪੱਖ ਇਹ ਵੀ ਕਹਿ ਰਿਹਾ ਹੈ ਕਿ ਕਰੀਬ 25-30 ਪਿੰਡਾਂ ਦੇ ਲੋਕਾਂ ਦਾ ਨਿੱਤ ਦਾ ਵਾਹ-ਵਾਸਤਾ ਅੰਬਾਲੇ ਨਾਲ ਪੈਂਦਾ ਹੈ, ਜੋ ਆਪਣੀ ਮੰਜ਼ਿਲ ’ਤੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਰਾਜਗੜ੍ਹ ਦੀ ਔਰਤ ਦੇ ਮਰਨ ਨਾਲ ਵੀ ਇਲਾਕੇ ਦੇ ਲੋਕਾਂ ਵਿਚ ਰੋਹ ਬਣਿਆ ਹੋਇਆ ਹੈ।
ਅੱਜ ਦੀ ਪ੍ਰੈੱਸ ਕਾਨਫ਼ਰੰਸ ਵਿਚ ਕਿਸਾਨ ਆਗੂਆਂ ਵਿੱਚ ਕਾਕਾ ਸਿੰਘ ਕੋਟੜਾ, ਗੁਰਵਿੰਦਰ ਸਿੰਘ ਭੰਗੂ, ਮਨਦੀਪ ਸਿੰਘ ਘੁਮਾਣਾ, ਅਮਰਜੀਤ ਸਿੰਘ ਮੋਹੜੀ, ਜੰਗ ਸਿੰਘ ਭਟੇੜੀ ਆਦਿ ਨੇ ਸਿੱਧੇ ਤੌਰ ’ਤੇ ਸਰਕਾਰ ਨੂੰ ਲਲਕਾਰਿਆ ਹੈ ਕਿ ਕਿਸਾਨ ਰਸਤਾ ਕਿਸੇ ਵੀ ਹਾਲ ਵਿਚ ਖ਼ਾਲੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹਰਿਆਣਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਰਸਤੇ ਅੱਗੇ ਕੱਢੀਆਂ ਕੰਧਾਂ ਨੂੰ ਹਟਾਵੇ ਤਾਂ ਕਿ ਕਿਸਾਨ ਦਿੱਲੀ ਵੱਲ ਕੂਚ ਕਰ ਕੇ ਉੱਥੇ ਜਾ ਕੇ ਪੱਕਾ ਮੋਰਚਾ ਲਾਉਣ। ਦੂਜੇ ਪਾਸੇ ਇਸ ਇਲਾਕੇ ਦੇ ਪਿੰਡਾਂ ਸੰਜਰਪੁਰ, ਬੱਲੋਪੁਰ, ਉਠਸਾਲ, ਗਧਾਪੁਰ, ਉਕਸੀ, ਖਲਾਸਪੁਰ, ਮਰਦਾਂਪੁਰ, ਸੰਧਾਰਸੀ, ਮਿਰਜ਼ਾਪੁਰ, ਕਾਮੀ ਖ਼ੁਰਦ, ਰਾਜਗੜ੍ਹ, ਤੇਪਲਾ, ਬਾਸਮਾ, ਘੱਗਰ ਸਰਾਏ, ਸ਼ੰਭੂ ਖ਼ੁਰਦ, ਡਾਰੀਆਂ, ਧਰਮਗੜ੍ਹ, ਛੜਬੜ, ਰਾਮਨਗਰ ਸੈਣੀਆਂ, ਜੰਡਮੰਘੌਲੀ, ਰਾਏਪੁਰ, ਸਮਸਪੁਰ, ਚਮਾਰੂ ਆਦਿ ਪਿੰਡਾਂ ਦੀਆਂ ਮੁਸ਼ਕਲਾਂ ਬਾਰੇ ਵੱਖ-ਵੱਖ ਲੋਕਾਂ ਨਾਲ ਗੱਲ ਕੀਤੀ ਗਈ। ਕਿਸਾਨਾਂ ਨਾਲ ਮੋਰਚੇ ਵਿਚ ਗੱਲ ਕਰਨ ਵਾਲਿਆਂ ਦੀ ਅਗਵਾਈ ਕਰਨ ਗਏ ਕਰਨੈਲ ਸਿੰਘ ਘੱਗਰ ਸਰਾਏ ਨੇ ਕਿਹਾ ਕਿ ਜੇ ਕਿਸਾਨਾਂ ਨੇ ਧਰਨਾ ਨਾ ਚੁੱਕਿਆ ਤਾਂ ਉਹ ਧਰਨਾ ਚੁਕਾਉਣ ਲਈ ਖ਼ੁਦ 25 ਪਿੰਡਾਂ ਦਾ ਇਕੱਠ ਕਰਨਗੇ ਤੇ ਧਰਨਾ ਚੁਕਵਾਉਣਗੇ। ਇਸੇ ਤਰ੍ਹਾਂ ਗੁਰਮੋਹਨ ਸਿੰਘ ਸੰਧਾਰਸੀ ਨੇ ਵੀ ਕਿਹਾ ਕਿ ਸਥਾਨਕ ਪਿੰਡਾਂ ਵਾਲੇ ਬਹੁਤ ਪ੍ਰੇਸ਼ਾਨ ਹਨ ਪਰ ਫਿਰ ਵੀ ਉਹ ਕਿਸਾਨਾਂ ਦੇ ਸੰਘਰਸ਼ ਨਾਲ ਹਨ। ਇਸ ਮਾਮਲੇ ਦਾ ਸਰਕਾਰਾਂ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ। ਉਥੇ ਹੀ ਬਿੱਲਾ ਕਬੂਲਪੁਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵੱਡੀਆਂ ਹਨ ਤੇ ਕਿਸਾਨਾਂ ਦੇ ਹਿੱਤ ਵਿਚ ਇਲਾਕੇ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ।

Advertisement

ਇਲਾਕਾ ਵਾਸੀਆਂ ਦੀ ਮਹਾਪੰਚਾਇਤ ਅੱਜ

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਸ਼ੰਭੂ ਬਾਰਡਰ ’ਤੇ ਕਿਸਾਨਾਂ ਵੱਲੋਂ ਲਗਾਏ ਧਰਨੇ ਤੋਂ ਪ੍ਰੇਸ਼ਾਨ ਆਲੇ-ਦੁਆਲੇ ਦੇ 20-25 ਪਿੰਡਾਂ ਦੇ ਲੋਕਾਂ ਵੱਲੋਂ ਤੇਪਲਾ ਰੋਡ ’ਤੇ ਸਥਿਤ ਫ਼ੌਜੀ ਢਾਬੇ ਕੋਲ ਬੁੱਧਵਾਰ ਨੂੰ ਇਕ ਮਹਾਪੰਚਾਇਤ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਹਾਪੰਚਾਇਤ ਦੀ ਅਗਵਾਈ ਕਰਨ ਵਾਲੇ ਕਿਸੇ ਆਗੂ ਦਾ ਨਾਂ ਨਹੀਂ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਮਹਾਪੰਚਾਇਤ ਪਹਿਲਾਂ 25 ਜੂਨ ਦਿਨ ਮੰਗਲਵਾਰ ਨੂੰ ਕੀਤੀ ਜਾਣੀ ਸੀ ਪਰ ਕਿਸੇ ਕਾਰਨਾ ਇਹ ਮੁਲਤਵੀ ਕਰ ਕੇ ਇਹ ਹੁਣ ਬੁੱਧਵਾਰ 26 ਜੂਨ ਨੂੰ ਰੱਖੀ ਗਈ ਹੈ।

ਸ਼ੰਭੂ ਮੋਰਚੇ ’ਤੇ ਫੋਰਸ ਲਗਾ ਰਹੇ ਹਾਂ: ਐੱਸਐੱਸਪੀ ਵਰੁਣ

ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ’ਤੇ ਚੱਲ ਰਿਹਾ ਤਣਾਅ ਉਨ੍ਹਾਂ ਦੇ ਧਿਆਨ ਵਿੱਚ ਹੈ। ਉੱਥੇ ਫੋਰਸ ਲਗਾਈ ਜਾ ਰਹੀ ਹੈ, ਉੱਥੇ ਅਜਿਹਾ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਨਾਲ ਗੱਲ ਕਰ ਕੇ ਮਸਲੇ ਦਾ ਹੱਲ ਕਰਾਂਗੇ: ਵਿਧਾਇਕ ਗੁਰਲਾਲ

ਘਨੌਰ ਹਲਕੇ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਕਿਹਾ ਹੈ ਕਿ ਮੋਰਚਾ ਲਗਾਈ ਬੈਠੇ ਕਿਸਾਨ ਵੀ ਸਾਡੇ ਹੀ ਹਨ ਤੇ ਇਲਾਕੇ ਦੇ ਲੋਕਾਂ ਦਾ ਦਰਦ ਵੀ ਸਹੀ ਹੈ। ਇਸ ਕਰਕੇ ਉਹ ਕਿਸਾਨ ਆਗੂਆਂ ਨਾਲ ਗੱਲ ਕਰਕੇ ਮਸਲੇ ਦਾ ਹੱਲ ਕਰਨਗੇ। ਉਂਜ ਰਸਤਾ ਹਰਿਆਣਾ ਸਰਕਾਰ ਨੂੰ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਕਿ ਇਲਾਕੇ ਦੇ ਲੋਕ ਪ੍ਰੇਸ਼ਾਨ ਨਾ ਹੋਣ।
Advertisement