For the best experience, open
https://m.punjabitribuneonline.com
on your mobile browser.
Advertisement

ਠਸਕਾ ਦੇ ਬਾਸ਼ਿੰਦਿਆਂ ਵੱਲੋਂ ਖਨੌਰੀ ਥਾਣੇ ਅੱਗੇ ਰੋਸ ਧਰਨਾ

07:47 AM Apr 02, 2024 IST
ਠਸਕਾ ਦੇ ਬਾਸ਼ਿੰਦਿਆਂ ਵੱਲੋਂ ਖਨੌਰੀ ਥਾਣੇ ਅੱਗੇ ਰੋਸ ਧਰਨਾ
ਖਨੌਰੀ ਥਾਣੇ ਅੱਗੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਧਰਨਾ ਦਿੰਦੇ ਪਿੰਡ ਠਸਕਾ ਦੇ ਲੋਕ।
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ
ਸੰਗਰੂਰ/ਖਨੌਰੀ, 1 ਅਪਰੈਲ
ਭਾਕਿਯੂ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਅਗਵਾਈ ਹੇਠ ਠਸਕਾ ਦੇ ਲੋਕਾਂ ਵੱਲੋਂ ਥਾਣਾ ਖਨੌਰੀ ਅੱਗੇ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਨੇੜਲੇ ਪਿੰਡ ਠਸਕਾ ਵਿੱਚ ਵਾਟਰ ਵਰਕਸ ਵਿਚ ਲੱਗ ਰਹੇ ਨਵੇਂ ਬੋਰ ਵਿੱਚ ਸਬੰਧਤ ਵਿਭਾਗ ਵੱਲੋਂ ਗੋਬਰ ਪਾ ਦਿੱਤਾ ਗਿਆ ਜਿਸ ਦੇ ਵਿਰੋਧ ’ਚ ਜਿਥੇ ਪਿਛਲੇ ਇੱਕ ਹਫਤੇ ਤੋਂ ਵਾਟਰ ਵਰਕਸ ਠਸਕਾ ਵਿੱਚ ਧਰਨਾ ਜਾਰੀ ਹੈ ਉੱਥੇ 28 ਮਾਰਚ ਨੂੰ ਥਾਣਾ ਖਨੌਰੀ ਵਿੱਚ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ’ਤੇ ਲੋਕ ਥਾਣੇ ਅੱਗੇ ਰੋਸ ਧਰਨਾ ਲਾਉਣ ਲਈ ਮਜਬੂਰ ਹੋਏ ਹਨ।
ਧਰਨੇ ਦੌਰਾਨ ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਰਿੰਕੂ ਮੂਨਕ ਨੇ ਕਿਹਾ ਕਿ ਪਿੰਡ ਠਸਕਾ ਦੇ ਵਾਟਰ ਸਪਲਾਈ ਵਿੱਚ ਪੀਣ ਵਾਲੇ ਪਾਣੀ ਲਈ ਬੋਰ ਪ੍ਰਸ਼ਾਸਨ ਵੱਲੋਂ ਲਗਾਇਆ ਜਾ ਰਿਹਾ ਹੈ ਜਦੋਂ ਕਿ ਪਹਿਲਾਂ ਵਾਲਾ ਬੋਰ ਵੀ ਠੀਕ ਚੱਲ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵੱਲੋਂ ਜਬਰੀ ਬੋਰ ਲਗਾਉਣਾ ਸ਼ੁਰੂ ਕੀਤਾ ਗਿਆ। ਇਸ ਵਾਟਰ ਵਰਕਸ ਦਾ ਪਹਿਲਾਂ ਵਾਲਾ ਪੁਰਾਣਾ ਬੋਰ 450 ਫੁੱਟ ਡੂੰਘਾਈ ’ਤੇ ਚੱਲ ਰਿਹਾ ਹੈ ਅਤੇ ਹੁਣ ਵੀ ਵਿਭਾਗ ਵੱਲੋਂ ਨਵਾਂ ਬੋਰ 450 ਫੁੱਟ ’ਤੇ ਲਗਾ ਦਿੱਤਾ ਗਿਆ।
ਉਨ੍ਹਾਂ ਦੋਸ਼ ਲਾਇਆ ਕਿ ਸਬੰਧਤ ਵਿਭਾਗ ਨੇ ਇਸ ਬੋਰ ਵਿੱਚ ਦੋ-ਤਿੰਨ ਟਰਾਲੀਆਂ ਗੋਬਰ ਦੀਆਂ ਪਾ ਦਿੱਤੀਆਂ ਜੋ ਪੁਰਾਣੇ ਬੋਰ ਦੀ ਦੂਰੀ ਘੱਟ ਹੋਣ ਕਾਰਨ ਗੋਬਰ ਵਾਲਾ ਦੂਸ਼ਿਤ ਪਾਣੀ ਹੇਠਾਂ ਚਲਾ ਗਿਆ ਜੋ ਸਪਲਾਈ ਨਾਲ ਘਰਾਂ ਦੀਆਂ ਟੈਂਕੀਆਂ ਵਿੱਚ ਚਲਾ ਗਿਆ ਅਤੇ ਦੂਸ਼ਿਤ ਪਾਣੀ ਪਸ਼ੂਆਂ ਦੀਆਂ ਪਾਣੀ ਵਾਲੀਆਂ ਖੇਲ੍ਹਾਂ ਵਿੱਚ ਚਲਾ ਗਿਆ। ਦੂਸ਼ਿਤ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੇ ਵਿਰੋਧ ’ਚ 26 ਮਾਰਚ ਤੋਂ ਪਿੰਡ ਠਸਕਾ ਵਿੱਚ ਪਿੰਡ ਦੇ ਲੋਕਾਂ ਵੱਲੋਂ ਧਰਨਾ ਚੱਲ ਰਿਹਾ ਹੈ ਅਤੇ ਪੁਲੀਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਪ੍ਰਸ਼ਾਸਨ ਵੱਲੋਂ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਬਲਾਕ ਆਗੂ ਰੋਸ਼ਨ ਮੂਨਕ, ਬੰਟੀ ਢੀਂਡਸਾ, ਬਲਵਿੰਦਰ ਮੰਨਿਆਣਾ, ਰਮੇਸ਼ ਮੰਨਿਆਣਾ, ਬੱਬੂ ਚੱਠਾ, ਮਿੱਠੂ ਹਾਂਡਾ, ਕੁਲਦੀਪ ਗੁਲਾੜੀ, ਨਾਨਕ ਸਿੰਘ ਅੰਨਦਾਨਾ, ਜਸਵੰਤ ਸਿੰਘ ਠਸਕਾ, ਬੁੱਧ ਰਾਮ ਚੱਠਾ, ਗੁਰਬਖਸ਼ ਸਿੰਘ ਖਨੌਰੀ, ਸੁਬੇਗ ਸਿੰਘ ਅਤੇ ਟੇਕ ਸਿੰਘ ਕੜੈਲ ਆਦਿ ਸ਼ਾਮਲ ਸਨ।

Advertisement

Advertisement
Author Image

Advertisement
Advertisement
×